ਹਵਾਈ ਸਫਰ ''ਤੇ ਮਿਲ ਰਿਹੈ ਹੋਲੀ ਦਾ ਤੋਹਫਾ
Friday, Feb 23, 2018 - 02:15 PM (IST)

ਨਵੀਂ ਦਿੱਲੀ— ਹੋਲੀ ਦੇ ਮੌਕੇ 'ਤੇ ਘਰ ਜਾਣ ਦੀ ਤਿਆਰੀ ਹੈ ਤਾਂ ਤੁਹਾਡੇ ਲਈ ਇਕ ਚੰਗੀ ਖਬਰ ਹੈ। ਹੋਲੀ ਤੋਂ ਠੀਕ ਪਹਿਲਾਂ ਦੇਸ਼ ਦੀਆਂ ਪ੍ਰਮੁੱਖ ਏਅਰਲਾਈਨ ਕੰਪਨੀਆਂ ਗਾਹਕਾਂ ਲਈ ਵੱਡਾ ਤੋਹਫਾ ਲੈ ਕੇ ਆਈਆਂ ਹਨ। ਕੰਪਨੀਆਂ ਬਹੁਤ ਘੱਟ ਕਿਰਾਏ 'ਤੇ ਹਵਾਈ ਸਫਰ ਦਾ ਮੌਕਾ ਦੇ ਰਹੀਆਂ ਹਨ। ਸਸਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਗੋਏਅਰ ਨੇ 991 ਰੁਪਏ ਦੇ ਸ਼ੁਰੂਆਤੀ ਕੀਮਤ 'ਚ ਹਵਾਈ ਸਫਰ ਦਾ ਆਫਰ ਪੇਸ਼ ਕੀਤਾ ਹੈ। ਇਸ ਦੇ ਇਲਾਵਾ ਏਅਰ ਏਸ਼ੀਆ ਵੱਲੋਂ ਵੀ ਪ੍ਰਮੋਸ਼ਨਲ ਸਕੀਮ ਪੇਸ਼ ਕੀਤੀ ਗਈ ਹੈ। ਇਸ ਤਹਿਤ 20 ਫੀਸਦੀ ਤਕ ਦੀ ਛੋਟ ਦਿੱਤੀ ਜਾ ਰਹੀ ਹੈ।
ਗੋਏਅਰ ਵੱਲੋਂ 'ਹੋਲੀ ਸਪੈਸ਼ਲ ਵੀਕੈਂਡ' ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਕੰਪਨੀ ਚੋਣਵੇਂ ਮਾਰਗਾਂ 'ਤੇ 991 ਰੁਪਏ 'ਚ ਹਵਾਈ ਸਫਰ ਕਰਨ ਦਾ ਮੌਕਾ ਦੇ ਰਹੀ ਹੈ। ਏਅਰਲਾਈਨ ਦਾ ਇਹ ਆਫਰ ਲਾਂਗ ਵੀਕੈਂਡ ਸਕੀਮ ਦਾ ਹਿੱਸਾ ਹੈ। ਇਸ ਲਈ ਤੁਸੀਂ ਗੋਏਅਰ ਦੀ ਵੈੱਬਸਾਈਟ 'ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ। ਇਸ ਦੇ ਇਲਾਵਾ ਜੇਕਰ ਤੁਸੀਂ ਐੱਚ. ਡੀ. ਐੱਫ. ਸੀ. ਦੇ ਕਾਰਡ ਨਾਲ ਬੁਕਿੰਗ ਕਰਦੇ ਹੋ ਤਾਂ ਤੁਹਾਨੂੰ ਕੰਪਨੀ ਵੱਲੋਂ 10 ਫੀਸਦੀ ਦੀ ਵਾਧੂ ਛੋਟ ਦਿੱਤੀ ਜਾਵੇਗੀ। ਇਸ ਆਫਰ ਤਹਿਤ ਬਾਗਡੋਗਰਾ ਤੋਂ ਗੁਹਾਟੀ ਦੀ ਟਿਕਟ 991 ਰੁਪਏ 'ਚ ਉਪਲੱਬਧ ਹੈ। ਉੱਥੇ ਹੀ, ਚੇਨਈ ਤੋਂ ਕੋਚੀ ਦੀ ਟਿਕਟ 1120 ਰੁਪਏ, ਦਿੱਲੀ ਤੋਂ ਜੰਮੂ 3,799 ਰੁਪਏ, ਦਿੱਲੀ ਤੋਂ ਗੋਆ 4,339 ਰੁਪਏ, ਦਿੱਲੀ ਤੋਂ ਪਟਨਾ ਦੀ ਟਿਕਟ 5,282 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਸ ਦੇ ਇਲਾਵਾ ਏਅਰ ਏਸ਼ੀਆ ਨੇ ਵੀ ਹੋਲੀ 'ਤੇ ਮੁਸਾਫਰਾਂ ਨੂੰ 20 ਫੀਸਦੀ ਤਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਕੌਮਾਂਤਰੀ ਫਲਾਈਟ 'ਤੇ ਵੀ ਏਅਰ ਏਸ਼ੀਆ ਦੀ ਸਹਾਇਕ ਕੰਪਨੀ ਵੱਲੋਂ 20 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਕੰਪਨੀ ਦਾ ਇਹ ਆਫਰ 26 ਫਰਵਰੀ ਤਕ ਹੀ ਹੈ। ਇਸ ਤਹਿਤ 26 ਫਰਵਰੀ 2018 ਤੋਂ 31 ਜੁਲਾਈ 2018 ਤਕ ਯਾਤਰਾ ਕੀਤੀ ਜਾ ਸਕਦੀ ਹੈ।