HMD ਨੇ 1 ਅਰਬ ਤੋਂ ਵੱਧ ਆਟੋ ਡਿਸੇਬਲ ਸਰਿੰਜਾਂ ਦੀ ਉਤਪਾਦਨ ਸਮਰੱਥਾ ਕੀਤੀ
Saturday, Aug 14, 2021 - 07:13 PM (IST)
ਨਵੀਂ ਦਿੱਲੀ- ਮੈਡੀਕਲ ਸਾਜੋ-ਸਾਮਾਨ ਬਣਾਉਣ ਵਾਲੀ ਕੰਪਨੀ ਹਿੰਦੁਸਤਾਨ ਸਿਰਿੰਜ ਐਂਡ ਮੈਡੀਕਲ ਡਿਵਾਇਸਿਜ਼ ਲਿਮਟਿਡ (ਐੱਚ. ਐੱਮ. ਡੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਕੋਵਿਡ-19 ਟੀਕਾਕਰਨ ਲਈ ਹਰ ਸਾਲ 0.5 ਮਿਲੀਲਿਟਰ ਦੇ ਇਕ ਅਰਬ ਆਟੋ ਡਿਸੇਬਲ (ਏ. ਡੀ.) ਸਿਰਿੰਜ (ਸੂਈ) ਦਾ ਉਤਪਾਦਨ ਕਰਨ ਦਾ ਟੀਚਾ ਹਾਸਲ ਕਰ ਲਿਆ ਹੈ।
ਐੱਚ. ਐੱਮ. ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਨੇ ਪ੍ਰਤੀ ਦਿਨ ਮਿਸ਼ਰਤ ਅਕਾਰ ਦੀਆਂ 1 ਕਰੋੜ ਤੋਂ ਵੱਧ ਸਰਿੰਜਾਂ ਦੇ ਉਤਪਾਦਨ ਦਾ ਮੀਲ ਪੱਥਰ ਵੀ ਹਾਸਲ ਕੀਤਾ ਹੈ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਰਾਜੀਵ ਨਾਥ ਨੇ ਕਿਹਾ, "ਐੱਚ. ਐੱਮ. ਡੀ. ਦੀ ਸਭ ਤੋਂ ਵੱਡੀ ਤਰਜੀਹ ਇਸ ਸਮੇਂ ਮਹਾਮਾਰੀ ਨਾਲ ਲੜਨ ਵਿਚ ਸਰਕਾਰ ਦੀ ਸਹਾਇਤਾ ਕਰਨਾ ਹੈ। ਐੱਚ. ਐੱਮ. ਡੀ. ਸਪਲਾਈ ਲੜੀ ਅਤੇ ਇਸ ਦੇ ਨਿਰਮਾਣ ਪਲਾਂਟਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾ ਰਹੀ ਹੈ, ਤਾਂ ਕਿ ਭਾਰਤ ਵਿਚ ਕੋਵਿਡ ਸੰਕਟ ਦੌਰਾਨ ਬਹੁਤ ਜ਼ਿਆਦਾ ਲੋੜੀਂਦੇ ਡਿਸਪੋਸੇਜਲ ਮੈਡੀਕਲ ਸਾਜੋ-ਸਾਮਾਨਾਂ ਦੀ ਕੋਈ ਕਮੀ ਨਾ ਹੋਵੇ।" ਕੰਪਨੀ ਯੂਨੀਸੈਫ, ਬ੍ਰਾਜ਼ੀਲ ਅਤੇ ਜਾਪਾਨ ਰਾਹੀਂ ਵਿਸ਼ਵ ਸਿਹਤ ਸੰਗਠਨ ਦੀ ਕੋਵੈਕਸ ਸਹੂਲਤ ਲਈ ਕੋਵਿਡ ਟੀਕਾਕਰਨ ਲਈ ਬਹੁਤ ਮਹੱਤਵਪੂਰਨ ਸਰਿੰਜਾਂ ਦੀ ਮੁੱਖ ਸਪਲਾਇਰ ਹੈ। ਕੰਪਨੀ ਭਾਰਤ ਸਰਕਾਰ ਤੋਂ 0.5 ਮਿਲੀਲੀਟਰ ਏ. ਡੀ. ਸਰਿੰਜਾਂ ਦੇ ਚਾਰ ਆਰਡਰ ਸਪਲਾਈ ਕਰਨ ਵਿਚ ਵੀ ਲੱਗੀ ਹੋਈ ਹੈ। ਇਸ ਤਹਿਤ, ਇਹ ਕੁੱਲ 44.25 ਕਰੋੜ ਸਰਿੰਜਾਂ ਦੀ ਸਪਲਾਈ ਕਰੇਗਾ, ਜਿਨ੍ਹਾਂ ਵਿਚੋਂ 36.5 ਕਰੋੜ ਸਰਿੰਜਾਂ ਜੁਲਾਈ ਦੇ ਅੰਤ ਤੱਕ ਭਾਰਤ ਵਿਚ ਕੋਵਿਡ-19 ਟੀਕਾਕਰਨ ਵਿਚ ਸਹਾਇਤਾ ਲਈ ਸਪਲਾਈ ਕੀਤੀਆਂ ਗਈਆਂ ਹਨ।