ਦੀਵਾਲੀ ਤੋਂ ਪਹਿਲਾਂ ਹੀ 8 ਲੱਖ ਤੋਂ ਵੱਧ ਵਿਕੇ ਹੀਰੋ ਸਕੂਟਰ-ਮੋਟਰਸਾਈਕਲ
Monday, Nov 02, 2020 - 03:02 PM (IST)
ਮੁੰਬਈ— ਵਿਸ਼ਵ ਦੀ ਸਭ ਤੋਂ ਵੱਡੀ ਦੋਪਹੀਆ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਦੀਵਾਲੀ ਤੋਂ ਪਹਿਲਾਂ ਵਿਕਰੀ 'ਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਹੈ।
ਹੀਰੋ ਮੋਟੋਕਾਰਪ ਨੇ ਇਸ ਸਾਲ ਅਕਤੂਬਰ 'ਚ ਕੁੱਲ 8,06,848 ਮੋਟਰਸਾਈਕਲ ਅਤੇ ਸਕੂਟਰਾਂ ਦੀ ਵਿਕਰੀ ਕੀਤੀ ਹੈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਹੋਈ ਕੁੱਲ ਵਿਕਰੀ ਨਾਲੋਂ 35 ਫੀਸਦੀ ਜ਼ਿਆਦਾ ਹੈ। ਅਕਤੂਬਰ 2019 'ਚ ਹੀਰੋ ਮੋਟੋਕਾਰਪ ਨੇ 5,99,248 ਮੋਟਰਸਾਈਕਲ ਤੇ ਸਕੂਟਰ ਵੇਚੇ ਸਨ।
ਹੀਰੋ ਮੋਟੋਕਾਰਪ ਦੀ ਕੁੱਲ ਵਿਕਰੀ 'ਚੋਂ 7,91,137 ਮੋਟਰਸਾਈਕਲ ਤੇ ਸਕੂਟਰਾਂ ਦੀ ਵਿਕਰੀ ਘਰੇਲੂ ਬਾਜ਼ਾਰ 'ਚ ਹੋਈ, ਜੋ ਪਿਛਲੇ ਸਾਲ 5,86,998 ਰਹੀ ਸੀ। ਇਸ ਦੌਰਾਨ ਕੰਪਨੀ ਨੇ 15,711 ਯੂਨਿਟਾਂ ਦੀ ਬਰਾਮਦ ਕੀਤੀ। ਪਿਛਲੇ ਸਾਲ ਇਸੇ ਮਹੀਨੇ ਕੰਪਨੀ ਦੀ ਬਰਾਮਦ 12,260 ਯੂਨਿਟਸ ਰਹੀ ਸੀ। ਹੀਰੋ ਮੋਟੋਕਾਰਪ ਨੇ ਬੀ. ਐੱਸ. ਈ. ਨੂੰ ਦਿੱਤੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਇੱਕਲੇ ਮੋਟਰਸਾਈਕਲਾਂ ਦੀ ਵਿਕਰੀ 7,32,498 ਰਹੀ, ਅਕਤੂਬਰ 2019 'ਚ ਕੰਪਨੀ ਦੇ 5,52,672 ਮੋਟਰਸਾਈਲ ਵਿਕੇ ਸਨ। ਸਕੂਟਰਾਂ ਦੀ ਵਿਕਰੀ ਅਕਤੂਬਰ 2019 ਦੇ 46,576 ਯੂਨਿਟਸ ਦੇ ਮੁਕਾਬਲੇ ਇਸ ਸਾਲ ਅਕਤੂਬਰ 'ਚ 74,350 ਯੂਨਿਟਸ 'ਤੇ ਪਹੁੰਚ ਗਈ।