Hero Electric ਕੰਪਨੀ ਨਹੀਂ ਵੇਚ ਸਕੀ ਅਪ੍ਰੈਲ ਮਹੀਨੇ ਵਿਚ ਇਕ ਵੀ ਵਾਹਨ, ਜਾਣੋ ਵਜ੍ਹਾ
Saturday, Apr 30, 2022 - 12:40 PM (IST)
ਨਵੀਂ ਦਿੱਲੀ (ਭਾਸ਼ਾ) – ਬਿਜਲੀ ਨਾਲ ਚੱਲਣ ਵਾਲੇ ਦੋ ਪਹੀਆ ਵਾਹਨ ਬਣਾਉਣ ਵਾਲੀ ਹੀਰੋ ਇਲੈਕਟ੍ਰਿਕ ਨੇ ਕਿਹਾ ਕਿ ਅਪ੍ਰੈਲ ਮਹੀਨੇ ’ਚ ਉਸ ਨੇ ਡੀਲਰਾਂ ਨੂੰ ਕੋਈ ਵਾਹਨ ਨਹੀਂ ਭੇਜਿਆ ਕਿਉਂਕਿ ਕੌਮਾਂਤਰੀ ਪੱਧਰ ’ਤੇ ਸੈਮੀਕੰਡਕਟਰ ਦੀ ਕਮੀ ਕਾਰਨ ਉਤਪਾਦਨ ਠੱਪ ਪੈ ਗਿਆ ਹੈ। ਹੀਰੋ ਇਲੈਕਟ੍ਰਿਕ ਨੇ ਕਿਹਾ ਕਿ ਕੰਪਨੀ ਨੂੰ ਚਿੱਪ ਦੀ ਬਹੁਤ ਜ਼ਿਆਦਾ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਪਲਾਈ ਵਿਵਸਥਾ ’ਚ ਸਮੱਸਿਆ ਵੀ ਲਗਾਤਾਰ ਬਣੀ ਹੋਈ ਹੈ।
ਕੰਪਨੀ ਨੇ ਕਿਹਾ ਕਿ ਵਾਹਨ ਉਦਯੋਗ ਕੌਮਾਂਤਰੀ ਪੱਧਰ ’ਤੇ ਚਿੱਪ ਦੀ ਕਮੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦਾ ਅਸਰ ਉਤਪਾਦਨ ’ਤੇ ਪੈ ਰਿਹਾ ਹੈ। ਹੀਰੋ ਇਲੈਕਟ੍ਰਿਕ ਨੂੰ ਵੀ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਅਪ੍ਰੈਲ 2022 ’ਚ ਡੀਲਰਾਂ ਨੂੰ ਕੋਈ ਵਾਹਨ ਨਹੀਂ ਭੇਜ ਸਕੀ ਹੈ। ਕੰਪਨੀ ਨੇ ਕਿਹਾ ਕਿ ਇਸ ਨਾਲ ਗਾਹਕਾਂ ਲਈ ਉਡੀਕ ਸੂਚੀ ਵਧ ਕੇ 60 ਦਿਨ ਤੋਂ ਵੱਧ ਹੋ ਗਈ ਹੈ ਅਤੇ ਡੀਲਰਾਂ ਕੋਲ ਗਾਹਕਾਂ ਨੂੰ ਦਿਖਾਉਣ ਲਈ ਹੁਣ ਕੋਈ ਵਾਹਨ ਨਹੀਂ ਹੈ।
ਇਹ ਵੀ ਪੜ੍ਹੋ : ਅੰਬਾਨੀ ਬਣਾ ਰਹੇ ਹਨ 76 ਅਰਬ ਰੁਪਏ ਦਾ ਮੈਗਾ ਮਾਲ, ਵੇਚੇ ਜਾਣਗੇ ਦੁਨੀਆ ਭਰ ਦੇ ਲਗਜ਼ਰੀ ਬ੍ਰਾਂਡ
ਹੀਰੋ ਇਲੈਕਟ੍ਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੋਹਿੰਦਰ ਗਿੱਲ ਨੇ ਕਿਹਾ ਕਿ ਮਾਸਿਕ ਆਧਾਰ ’ਤੇ ਸਾਡੀ ਵਿਕਰੀ ਲਗਭਗ ਦੁੱਗਣੀ ਹੋ ਰਹੀ ਸੀ ਅਤੇ ਅਸੀਂ ਕਿਸੇ ਤਰ੍ਹਾਂ ਵੱਖ-ਵੱਖ ਖੇਤਰਾਂ ਤੋਂ ਪ੍ਰਬੰਧ ਕਰ ਲਿਆ ਪਰ ਰੂਸ-ਯੂਕ੍ਰੇਨ ਜੰਗ ਕਾਰਨ ਸਪਲਾਈ ਵਿਵਸਥਾ ਡਾਵਾਂਡੋਲ ਹੋ ਗਈ ਹੈ, ਜਿਸ ਨਾਲ ਇਹ ਰੁਕਾਵਟ ਪੈਦਾ ਹੋਈ ਹੈ। ਬਿਜਲੀ ਨਾਲ ਚੱਲਣ ਵਾਲੇ ਸਕੂਟਰਾਂ ’ਚ ਅੱਗ ਲੱਗਣ ਦੀਆਂ ਹਾਲ ਹੀ ਦੀਆਂ ਘਟਨਾਵਾਂ ਬਾਰੇ ਗਿੱਲ ਨੇ ਕਿਹਾ ਕਿ ਸਾਰੀਆਂ ਕੰਪਨੀਆਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਅਤੇ ਆਪਣੇ ਡਿਜਾਈਨ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਲਗਾਤਾਰ ਯਤਨ ਕਰਨੇ ਚਾਹੀਦੇ ਹਨ, ਜਿਸ ਨਾਲ ਇਲੈਕਟ੍ਰਿਕ ਵਾਹਨਾਂ ’ਚ ਵਿਸ਼ਵਾਸ ਬਣਿਆ ਰਹੇ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਸੰਕਟ ਅਤੇ ਮਹਿੰਗਾਈ ਨੇ 34 ਫੀਸਦੀ ਵਧਾਈ ਸੋਨੇ ਦੀ ਮੰਗ, ਨਿਵੇਸ਼ਕਾਂ ਨੇ ਖਰੀਦਿਆ 3 ਸਾਲਾਂ ਦਾ ਸਭ ਤੋਂ ਵੱਧ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।