ਮਹਿੰਗੇ ਹੋਏ ਹੀਰੋ ਦੇ ਬਾਈਕ ਅਤੇ ਸਕੂਟਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
Thursday, Sep 27, 2018 - 11:30 AM (IST)

ਨਵੀਂ ਦਿੱਲੀ — ਦੋਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਨੇ 03 ਅਕਤੂਬਰ ਤੋਂ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਵਿਚ 900 ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਗਤ ਵਧਣ ਅਤੇ ਡਾਲਰ ਮੁਕਾਬਲੇ ਭਾਰਤੀ ਮੁਦਰਾ ਵਿਚ ਆਈ ਗਿਰਾਵਟ ਕਾਰਨ ਉਤਪਾਦ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਵਾਹਨਾਂ ਦੀ ਕੀਮਤ ਦੇ ਐਕਸ ਸ਼ੋਅ ਰੂਮ ਮੁੱਲ 'ਚ ਇਹ ਵਾਧਾ ਕੀਤਾ ਜਾਵੇਗਾ। ਵਾਹਨਾਂ ਦੀ ਕੀਮਤ ਵਿਚ 900 ਰੁਪਏ ਤੱਕ ਦਾ ਵਾਧਾ ਕੀਤਾ ਜਾਵੇਗਾ।
ਹੀਰੋ ਮੋਟੋਕਾਰਪ ਬਾਈਕ ਅਤੇ ਸਕੂਟਰ ਦੀ ਵਿਕਰੀ ਕਰਦੀ ਹੈ, ਜਿਨ੍ਹਾਂ ਦੀ ਕੀਮਤ 40 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਦੇ ਵਿਚਕਾਰ ਹੈ। ਪਿਛਲੇ ਮਹੀਨੇ ਕੰਪਨੀ ਨੇ 500 ਰੁਪਏ ਤੱਕ ਦੀ ਕੀਮਤ ਦਾ ਵਾਧਾ ਕੀਤਾ ਸੀ। ਬੁੱਧਵਾਰ ਨੂੰ ਹੀਰੋ ਮੋਟੋਕਾਰਪ ਦੇ ਸ਼ੇਅਰ ਬੀ.ਐੱਸ.ਈ. 'ਤੇ ਮਾਮੂਲੀ ਰੂਪ ਨਾਲ ਡਿੱਗ ਕੇ 3104.50 ਰੁਪਏ 'ਤੇ ਬੰਦ ਹੋਏ।
ਜ਼ਿਕਰਯੋਗ ਹੈ ਕਿ ਹੁਣੇ ਜਿਹੇ ਕੰਪਨੀ ਨੇ ਆਪਣੀ ਈ-ਕਾਮਰਸ ਆਨ ਲਾਈਨ ਵੈਬਸਾਈਟ www.hgpmart.com ਨੂੰ ਲਾਂਚ ਕੀਤਾ ਸੀ ਜਿਥੋਂ ਗਾਹਕ ਹੀਰੋ ਦੇ ਅਸਲ ਪਾਰਟਸ ਅਤੇ ਅਸੈਸਰੀਜ਼ ਨੂੰ ਸਿੱਧਾ ਕੰਪਨੀ ਤੋਂ ਆਨ ਲਾਈਨ ਖਰੀਦ ਸਕਣਗੇ। ਕੰਪਨੀ ਨੇ ਪਾਰਟਸ ਦੀ ਡਿਲਵਰੀ ਲਈ ਇਕ ਵੱਡੇ ਈ-ਕਾਮਰਸ ਲਾਜਿਸਟਿਕ ਸਰਵਿਸ ਪ੍ਰੋਵਾਈਡਰ ਨਾਲ ਪਾਰਟਨਰਸ਼ਿਪ ਵੀ ਕੀਤੀ ਹੈ।