ਹੇਰੰਬਾ ਇੰਡਸਟਰੀਜ਼ ਦਾ ਆਈ. ਪੀ. ਓ. ਖੁੱਲ੍ਹਾ, 25 ਫਰਵਰੀ ਨੂੰ ਹੋਵੇਗਾ ਬੰਦ
Tuesday, Feb 23, 2021 - 01:46 PM (IST)
ਨਵੀਂ ਦਿੱਲੀ- ਗੁਜਰਾਤ ਦੀ ਖੇਤੀ ਰਸਾਇਣ ਕੰਪਨੀ ਹੇਰੰਬਾ ਇੰਡਸਟਰੀਜ਼ ਦਾ ਆਈ. ਪੀ. ਓ. ਖੁੱਲ੍ਹ ਗਿਆ ਹੈ। ਇਸ ਦਾ ਪ੍ਰਾਈਸ ਬੈਂਡ 626-627 ਰੁਪਏ ਹੈ। ਇਹ ਸਾਲ ਦਾ 8ਵਾਂ ਆਈ. ਪੀ. ਓ. ਹੈ। ਕੰਪਨੀ ਨੇ 23 ਸ਼ੇਅਰਾਂ ਦਾ ਇਕ ਲਾਟ ਤੈਅ ਕੀਤਾ ਹੈ। ਇਸ ਦਾ ਮਤਲਬ ਹੈ ਕਿ ਨਿਵੇਸ਼ਕ ਨੂੰ ਘੱਟੋ-ਘੱਟ 23 ਸ਼ੇਅਰਾਂ ਲਈ ਬੋਲੀ ਲਾਉਣੀ ਹੋਵੇਗੀ।
ਪ੍ਰਚੂਨ ਨਿਵੇਸ਼ਕ ਵੱਧ ਤੋਂ ਵੱਧ 13 ਲਾਟ ਲਈ ਬੋਲੀ ਲਾ ਸਕਦੇ ਹਨ। ਕੀਟਨਾਸ਼ਕ ਬਾਜ਼ਾਰ ਵਿਚ ਇਸ ਕੰਪਨੀ ਦੀ 19.5 ਫ਼ੀਸਦੀ ਹਿੱਸੇਦਾਰੀ ਹੈ ਅਤੇ 60 ਤੋਂ ਵੱਧ ਮੁਲਕਾਂ ਨੂੰ ਉਤਪਾਦ ਬਰਾਮਦ ਕਰਦੀ ਹੈ।
ਕੰਪਨੀ ਦਾ ਆਈ. ਪੀ. ਓ. 25 ਫਰਵਰੀ ਨੂੰ ਗਾਹਕੀ ਲਈ ਬੰਦ ਹੋ ਜਾਵੇਗਾ। ਬਿਗਸ਼ੇਅਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਆਈ. ਪੀ. ਓ. ਦਾ ਰਜਿਸਟਰਾਰ ਹੈ, ਜੋ ਸ਼ੇਅਰ ਵੰਡ ਅਤੇ ਰਿਫੰਡ ਦਾ ਪ੍ਰਬੰਧਨ ਕਰੇਗੀ।
ਹੇਰੰਬਾ ਤਾਜ਼ਾ ਸ਼ੇਅਰਾਂ ਜ਼ਰੀਏ 60 ਕਰੋੜ ਰੁਪਏ ਜੁਟਾਏਗੀ। ਇਸ ਫੰਡ ਦਾ ਇਸਤੇਮਾਲ ਕੰਪਨੀ ਕਾਰਜਕਾਰੀ ਜ਼ਰੂਰਤਾਂ ਅਤੇ ਕਾਰਪੋਰੇਟ ਉਦੇਸ਼ਾਂ ਦੀ ਫਾਈਨੈਂਸਿੰਗ ਦੇ ਉਦੇਸ਼ ਲਈ ਕਰੇਗੀ। ਕੰਪਨੀ 99.8 ਲੱਖ ਸ਼ੇਅਰਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਨ੍ਹਾਂ ਵਿਚ 90.2 ਲੱਖ ਆਫਰ ਫਾਰ ਸੇਲ ਤਹਿਤ ਹਨ ਅਤੇ ਬਾਕੀ ਤਾਜ਼ਾ ਸ਼ੇਅਰਾਂ ਜ਼ਰੀਏ ਹਨ। 35 ਫ਼ੀਸਦੀ ਪ੍ਰਚੂਨ ਸ਼੍ਰੇਣੀ ਲਈ ਰੱਖੇ ਗਏ ਹਨ।