ਬੱਚਿਆਂ ਲਈ ਦੋਪਹੀਆ ਵਾਹਨਾਂ 'ਤੇ ਹੈਲਮੇਟ ਪਹਿਣਨਾ ਹੋਵੇਗਾ ਲਾਜ਼ਮੀ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

02/17/2022 3:33:52 PM

ਨਵੀਂ ਦਿੱਲੀ (ਭਾਸ਼ਾ) – ਸੜਕ ਟਰਾਂਸਪੋਰਟ ਮੰਤਰਾਲਾ ਨੇ ਬੁੱਧਵਾਰ ਮੋਟਰਸਾਈਕਲ ਜਾਂ ਦੋ ਪਹੀਆਂ ਵਾਹਨ ’ਤੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਿਜਾਣ ਸਬੰਧੀ ਨਵੇਂ ਨਿਯਮਾਂ ਨੂੰ ਨੋਟੀਫਾਈ ਕੀਤਾ। 15 ਫਰਵਰੀ ਦੀ ਇੱਕ ਨੋਟੀਫਿਕੇਸ਼ਨ ਵਿੱਚ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਨਿਯਮ 138 ਵਿੱਚ ਸੋਧ ਕੀਤੀ ਹੈ। ਨਿਯਮਾਂ ਤਹਿਤ ਨੌਂ ਮਹੀਨਿਆਂ ਤੋਂ ਚਾਰ ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਬਾਈਕ ਉੱਤੇ ਸਵਾਰੀ ਜਾਂ ਲਿਜਾਣ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਸੁਝਾਅ ਦਿੱਤੇ ਗਏ ਹਨ। ਇਸ ਅਧੀਨ ਬੱਚਿਆਂ ਲਈ ਸੁਰੱਖਿਆ ਹੈਲਮੇਟ ਅਤੇ ਸੁਰੱਖਿਆ ਬੈਲਟ ਦੀ ਵਰਤੋਂ ਕਰਨੀ ਜ਼ਰੂਰੀ ਹੋਵੇਗੀ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਨਵੇਂ ਨਿਯਮਾਂ ਮੁਤਾਬਕ 4 ਸਾਲ ਤੱਕ ਦੇ ਬੱਚੇ ਨੂੰ ਪਿੱਛੇ ਦੀ ਸੀਟ ’ਤੇ ਲਿਜਾਣ ਸਮੇਂ ਮੋਟਰਸਾਈਕਲ ਦੀ ਰਫਤਾਰ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਨਿਯਮ ਕੇਂਦਰੀ ਮੋਟਰ ਵ੍ਹੀਕਲ ਐਕਟ (ਦੂਜੀ ਸੋਧ) ਨਿਯਮ 2022 ਦੇ ਪ੍ਰਕਾਸ਼ਨ ਦੀ ਮਿਤੀ ਤੋਂ ਇਕ ਸਾਲ ਬਾਅਦ ਲਾਗੂ ਹੋਣਗੇ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਰੁਜ਼ਗਾਰ ਤੇ ਕਾਰੋਬਾਰ ਸੰਕਟ ਮਗਰੋਂ ਹੁਣ 'ਸੋਨਾ' ਨਿਲਾਮ ਹੋਣ ਦੇ ਕੰਢੇ

ਸੁਰੱਖਿਆ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰੀ

  • ਨੋਟੀਫਿਕੇਸ਼ਨ 'ਚ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੁਰੱਖਿਆ ਹਾਰਨੈੱਸ ਦੀ ਵਰਤੋਂ ਦਾ ਜ਼ਿਕਰ ਹੈ, ਜੋ ਬੱਚੇ ਨੂੰ ਡਰਾਈਵਰ ਨਾਲ ਜੋੜ ਕੇ ਰੱਖੇਗਾ। ਸੁਰੱਖਿਆ ਹਾਰਨੈੱਸ ਪੱਟੀਆਂ ਨਾਲ ਬਣੀ ਹੋਈ ਐਡਜਸਟਏਬਲ ਅਟੈਚਮੈਂਟ ਹੁੰਦੀ ਹੈ। ਪੱਟੀਆਂ ਬੱਚੇ ਨੂੰ ਬਾਈਕਰ ਨਾਲ ਜੋੜਕੇ ਰਖਦੀਆਂ ਹਨ। ਸਰਕਾਰ ਨੇ ਸੁਰੱਖਿਆ ਹਾਰਨੈਸ ਦੀਆਂ ਵਿਸ਼ੇਸ਼ਤਾਵਾਂ ਦਾ ਵੀ ਜ਼ਿਕਰ ਕੀਤਾ ਹੈ, ਜੋ ਕਿ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਅਨੁਕੂਲ ਹੋਣੇ ਚਾਹੀਦੇ ਹਨ।
  • ਨਵੇਂ ਨਿਯਮਾਂ ਦੇ ਅਨੁਸਾਰ, ਵਰਤਿਆ ਜਾਣ ਵਾਲਾ ਸੁਰੱਖਿਆ ਹਾਰਨੈੱਸ ਹਲਕਾ, ਵਾਟਰਪ੍ਰੂਫ, ਕੁਸ਼ਨ ਵਾਲਾ ਅਤੇ 30 ਕਿਲੋਗ੍ਰਾਮ ਚੁੱਕਣ ਦੀ ਸਮਰੱਥਾ ਵਾਲਾ ਹੋਣਾ ਚਾਹੀਦਾ ਹੈ। ਪੂਰੇ ਸਫ਼ਰ ਦੌਰਾਨ ਬੱਚੇ ਨੂੰ ਸੁਰੱਖਿਅਤ ਰੱਖਣ ਲਈ, ਬਾਈਕ ਸਵਾਰ ਨੂੰ ਬੱਚੇ ਨੂੰ ਸੁਰੱਖਿਆ ਹਾਰਨੈੱਸ ਨਾਲ ਬੰਨ੍ਹਣਾ ਹੁੰਦਾ ਹੈ, ਜੋ ਦੋ ਪੱਟੀਆਂ ਨਾਲ ਆਉਂਦਾ ਹੈ।
  • ਮੰਤਰਾਲੇ ਨੇ ਇਹ ਵੀ ਕਿਹਾ ਕਿ ਬੱਚੇ ਨੂੰ ਮੋਟਰਸਾਈਕਲ 'ਤੇ ਸਫ਼ਰ ਕਰਦੇ ਸਮੇਂ ਆਪਣਾ ਕਰੈਸ਼ ਹੈਲਮੇਟ ਜਾਂ ਬਾਇਸਕਿਲ ਪਹਿਨਣਾ ਚਾਹੀਦਾ ਹੈ, ਜਿਸ ਵਿੱਚ ਭਾਰਤੀ ਮਿਆਰ ਬਿਊਰੋ ਦੁਆਰਾ ਸਿਫ਼ਾਰਸ਼ ਕੀਤੀਆਂ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ।
  • ਇਸ ਦੇ ਨਾਲ ਹੀ ਬਾਈਕ ਸਵਾਰਾਂ ਲਈ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਬੱਚਿਆਂ ਦੇ ਨਾਲ ਸਫਰ ਕਰਦੇ ਸਮੇਂ ਵਾਹਨ ਦੀ ਰਫਤਾਰ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਾ ਹੋਵੇ।
  • ਮੰਤਰਾਲੇ ਨੇ ਪਿਛਲੇ ਸਾਲ ਅਕਤੂਬਰ 'ਚ ਹੀ ਇਨ੍ਹਾਂ ਨਿਯਮਾਂ ਦਾ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ 'ਚ ਬਾਈਕ 'ਤੇ ਬੈਠਣ ਵਾਲੇ ਬੱਚਿਆਂ ਲਈ ਸੇਫਟੀ ਹਾਰਨੈੱਸ ਅਤੇ ਕਰੈਸ਼ ਹੈਲਮੇਟ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: 'ABG ਸ਼ਿਪਯਾਰਡ ਵਰਗੇ ਘੁਟਾਲੇ ਨੂੰ ਫੜਨ ਲਈ ਔਸਤਨ 4.5 ਸਾਲ ਦਾ ਸਮਾਂ ਲੈਂਦੇ ਹਨ ਬੈਂਕ'

ਉਲੰਘਣਾ ਕਰਨ ’ਤੇ  1000 ਜੁਰਮਾਨਾ

ਨਵੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 1000 ਰੁਪਏ ਦਾ ਜੁਰਮਾਨਾ ਅਤੇ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਮੁਅੱਤਲ ਕੀਤਾ ਜਾ ਸਕਦਾ ਹੈ। ਦੋਪਹੀਆ ਵਾਹਨਾਂ 'ਤੇ ਪਿੱਛੇ ਬੈਠੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਮੋਟਰ ਵਹੀਕਲ ਐਕਟ 'ਚ ਸੋਧ ਕਰਕੇ ਨਵਾਂ ਨਿਯਮ ਸ਼ਾਮਲ ਕੀਤਾ ਗਿਆ ਹੈ। ਇਹ ਨਿਯਮ ਚਾਰ ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਕਵਰ ਕਰਦਾ ਹੈ। ਇਹ ਨਿਯਮ 15 ਫਰਵਰੀ 2023 ਤੋਂ ਲਾਗੂ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


Harinder Kaur

Content Editor

Related News