ਭਾਰੀ ਮੀਂਹ ਨੇ ਵਿਗਾੜਿਆ ਰਸੋਈ ਦਾ ਬਜ਼ਟ, ਸਬਜ਼ੀਆਂ ਦੇ ਮੁੱਲ ਚੜ੍ਹੇ ਅਸਮਾਨੀਂ

Tuesday, Jul 09, 2024 - 12:27 PM (IST)

ਭਾਰੀ ਮੀਂਹ ਨੇ ਵਿਗਾੜਿਆ ਰਸੋਈ ਦਾ ਬਜ਼ਟ, ਸਬਜ਼ੀਆਂ ਦੇ ਮੁੱਲ ਚੜ੍ਹੇ ਅਸਮਾਨੀਂ

ਨਵੀਂ ਦਿੱਲੀ (ਇੰਟ.) - ਪੂਰੇ ਦੇਸ਼ ’ਚ ਭਾਰੀ ਮੀਂਹ ਨਾਲ ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਦਾ ਅਸਰ ਸਬਜ਼ੀਆਂ ਤੋਂ ਲੈ ਕੇ ਫਸਲਾਂ ਦੀ ਪੈਦਾਵਾਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਨੇ ਰਸੋਈ ਦਾ ਬਜ਼ਟ ਵੀ ਵਿਗਾੜ ਦਿੱਤਾ ਹੈ। ਸਬਜ਼ੀਆਂ ਦੇ ਮੁੱਲ ਅਸਮਾਨ ’ਤੇ ਪਹੁੰਚ ਚੁੱਕੇ ਹਨ।

ਉੱਤਰ ਪ੍ਰਦੇਸ਼, ਕਸ਼ਮੀਰ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਕੇਰਲ, ਉੱਤਰਾਖੰਡ ਵਰਗੇ ਸੂਬਿਆਂ ’ਚ ਭਾਰੀ ਮੀਂਹ ਨਾਲ ਫਸਲਾਂ ਅਤੇ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਖੇਤਾਂ ’ਚ ਹੀ ਸਬਜ਼ੀਆਂ ਸੜ ਰਹੀਆਂ ਹਨ। ਇਸ ਕਾਰਨ ਦਿੱਲੀ-ਐੱਨ. ਸੀ. ਆਰ. ਦੀਆਂ ਮੰਡੀਆਂ ’ਚ ਸਬਜ਼ੀਆਂ ਦੀ ਆਮਦ ਘੱਟ ਹੋਈ ਹੈ। ਮੰਡੀਆਂ ’ਚ ਸਪਲਾਈ ਘੱਟ ਹੋਣ ਨਾਲ ਸਬਜ਼ੀਆਂ ਦੀਆਂ ਕੀਮਤਾਂ ਇਕ ਹਫਤੇ ’ਚ ਅਸਮਾਨ ’ਤੇ ਪਹੁੰਚ ਗਈਆਂ ਹਨ।

ਆਲੂ, ਪਿਆਜ਼ ਅਤੇ ਟਮਾਟਰ ਦੇ ਮੁੱਲ ’ਚ ਉਛਾਲ

ਦਿੱਲੀ-ਐੱਨ. ਸੀ. ਆਰ. ’ਚ ਪਿਛਲੇ ਮਹੀਨੇ ਟਮਾਟਰ 28 ਰੁਪਏ ਕਿੱਲੋ ਵਿਕ ਰਿਹਾ ਸੀ, ਜੋ ਹੁਣ ਵਧ ਕੇ 80 ਰੁਪਏ ਹੋ ਗਿਆ ਹੈ। ਉੱਥੇ ਹੀ, ਕਈ ਸੂਬਿਆਂ ’ਚ ਕੀਮਤ 100 ਰੁਪਏ ਤੱਕ ਪਹੁੰਚ ਗਈ ਹੈ। ਪਿਆਜ਼ ਦੀ ਕੀਮਤ ’ਚ ਵੀ ਵੱਡਾ ਉਛਾਲ ਆਇਆ ਹੈ। ਰਾਜਧਾਨੀ ਦਿੱਲੀ ’ਚ ਪਿਛਲੇ ਮਹੀਨੇ ਪਿਆਜ਼ 32 ਰੁਪਏ ਕਿੱਲੋ ਵਿਕ ਰਿਹਾ ਸੀ, ਜੋ ਹੁਣ ਵਧ ਕੇ 50 ਰੁਪਏ ਹੋ ਗਿਆ ਹੈ। ਆਲੂ ਦੇ ਭਾਅ ’ਚ ਵੀ ਵੱਡਾ ਉਛਾਲ ਆਇਆ ਹੈ। ਕੀਮਤ ਲੱਗਭਗ ਦੁੱਗਣੀ ਹੋ ਗਈ ਹੈ।

ਕਿਉਂ ਵਧੀ ਸਬਜ਼ੀਆਂ ਦੀਆਂ ਕੀਮਤ

ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਹੈ। ਇਸ ਨਾਲ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਮੰਡੀਆਂ ’ਚ ਆਮਦ ਘੱਟ ਹੋ ਗਈ ਹੈ। ਮੰਡੀਆਂ ’ਚ ਸਪਲਾਈ ਘੱਟ ਹੋਣ ਨਾਲ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਅਕਤੂਬਰ ਤੱਕ ਪਿਆਜ਼ ਦੀਆਂ ਕੀਮਤਾਂ ਉੱਚੀਆਂ ਰਹਿਣ ਦੀ ਸੰਭਾਵਨਾ ਹੈ।

ਕੋਲਕਾਤਾ ’ਚ ਸਬਜ਼ੀਆਂ ਦੀਆਂ ਚੜ੍ਹੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ

ਕੋਲਕਾਤਾ ਦੇ ਬਾਜ਼ਾਰਾਂ ’ਚ ਸਬਜ਼ੀਆਂ, ਆਂਡੇ ਅਤੇ ‘ਪੋਲਟਰੀ’ ਮਾਸ ਦੀਆਂ ਪ੍ਰਚੂਨ ਕੀਮਤਾਂ ਚੜ੍ਹਣ ਕਾਰਨ ਆਮ ਆਦਮੀ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਬਾਜ਼ਾਰਾਂ ’ਚ ਸਬਜ਼ੀ ਵਿਕ੍ਰੇਤਾਵਾਂ ਨੇ ਦੱਸਿਆ ਕਿ ਟਮਾਟਰ ਦੀ ਕੀਮਤ ਇਕ ਮਹੀਨਾ ਪਹਿਲਾਂ ਦੇ 45-50 ਰੁਪਏ ਤੋਂ ਵਧ ਕੇ 80-100 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ।

ਬੈਂਗਨ 110-140 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਵਿਕ ਰਿਹਾ ਹੈ, ਜੋ ਜੂਨ ਦੀ ਸ਼ੁਰੂਆਤ ਦੇ ਮੁੱਲ ਦੇ ਮੁਕਾਬਲੇ ਲੱਗਭਗ 150 ਫ਼ੀਸਦੀ ਵੱਧ ਹੈ। ਕਰੇਲਾ, ਹਰੀ ਮਿਰਚ ਅਤੇ ਕੱਦੂ ਵਰਗੀਆਂ ਕਈ ਹੋਰ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਔਸਤਨ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਸਥਾਨਕ ਬਾਜ਼ਾਰਾਂ ’ਚ ਆਂਡੇ ਅਤੇ ‘ਪੋਲਟਰੀ’ ਮਾਸ ਦੀਆਂ ਕੀਮਤਾਂ ’ਚ 20-30 ਫ਼ੀਸਦੀ ਦਾ ਵਾਧਾ ਹੋਇਆ ਹੈ।

ਵੈਸਟ ਬੰਗਾਲ ਵੈਂਡਰ ਐਸੋਸੀਏਸ਼ਨ ਨਾਲ ਜੁਡ਼ੇ ਇਕ ਸੂਤਰ ਨੇ ਕਿਹਾ, ‘‘ਹੁਣ ਬੰਗਾਲ ’ਚ ਟਮਾਟਰ ਦੂਜੇ ਸੂਬਿਆਂ ਤੋਂ ਆ ਰਿਹਾ ਹੈ। ਲੂ ਅਤੇ ਭਾਰੀ ਮੀਂਹ ਕਾਰਨ ਬੈਂਗਲੁਰੂ ਅਤੇ ਹਿਮਾਚਲ ਪ੍ਰਦੇਸ਼ ਤੋਂ ਟਮਾਟਰ ਦੀ ਸਪਲਾਈ ਘੱਟ ਹੋ ਗਈ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ।’’


author

Harinder Kaur

Content Editor

Related News