EPFO ਦਾ ਅਲਰਟ! 15 ਅਕਤੂਬਰ ਤੱਕ ECR ਫਾਈਲ ਨਾ ਕਰਨ ''ਤੇ ਲੱਗੇਗਾ ਭਾਰੀ ਜੁਰਮਾਨਾ
Saturday, Oct 10, 2026 - 11:47 PM (IST)
ਨਵੀਂ ਦਿੱਲੀ — ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਅਧਿਕਾਰਤ ਪਲੇਟਫਾਰਮ 'X' ਰਾਹੀਂ ਕੰਪਨੀਆਂ ਲਈ ਅਹਿਮ ਚਿਤਾਵਨੀ ਜਾਰੀ ਕੀਤੀ ਹੈ। EPFO ਨੇ ਸਤੰਬਰ 2026 ਮਹੀਨੇ ਦੀ ECR (ਇਲੈਕਟ੍ਰੌਨਿਕ ਚਾਲਾਨ-ਕਮ-ਰਿਟਰਨ) ਦਾਖਲ ਕਰਨ ਅਤੇ ਪੀ.ਐੱਫ. (PF) ਦਾ ਬਕਾਇਆ ਯੋਗਦਾਨ ਜਮ੍ਹਾਂ ਕਰਵਾਉਣ ਲਈ 15 ਅਕਤੂਬਰ 2026 ਤੱਕ ਦੀ ਆਖਰੀ ਤਾਰੀਖ਼ ਨਿਰਧਾਰਤ ਕੀਤੀ ਹੈ।
ਕੀ ਹੈ ECR ਅਤੇ ਕਿਉਂ ਹੈ ਜ਼ਰੂਰੀ?
ECR ਦਾ ਪੂਰਾ ਨਾਂ ਇਲੈਕਟ੍ਰੌਨਿਕ ਚਾਲਾਨ-ਕਮ-ਰਿਟਰਨ ਹੈ। ਹਰ ਮਹੀਨੇ ਕਰਮਚਾਰੀਆਂ ਦੀ ਸੈਲਰੀ ਵਿੱਚੋਂ ਕੱਟੇ ਜਾਣ ਵਾਲੇ ਪੀ.ਐੱਫ. ਫੰਡ ਦੀ ਜਾਣਕਾਰੀ ਅਤੇ ਰਕਮ EPFO ਕੋਲ ਜਮ੍ਹਾਂ ਕਰਵਾਉਣ ਲਈ ਕੰਪਨੀਆਂ ਨੂੰ ECR ਦਾਖਲ ਕਰਨਾ ਲਾਜ਼ਮੀ ਹੁੰਦਾ ਹੈ। ਇਸ ਦੇ ਜ਼ਰੀਏ ਕਰਮਚਾਰੀਆਂ ਦੇ ਪੀ.ਐੱਫ. ਖਾਤਿਆਂ ਵਿੱਚ ਪੈਸੇ ਜਮ੍ਹਾਂ ਹੋਣ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ।
ਜੇਕਰ ਕੋਈ ਨਿਯੋਜਕ ਨਿਰਧਾਰਤ ਸਮੇਂ ਤੱਕ ECR ਫਾਈਲ ਨਹੀਂ ਕਰਦਾ ਜਾਂ ਪੀ.ਐੱਫ. ਦੀ ਰਕਮ ਜਮ੍ਹਾਂ ਨਹੀਂ ਕਰਵਾਉਂਦਾ, ਤਾਂ ਉਸ ਨੂੰ ਕਾਨੂੰਨ ਮੁਤਾਬਕ ਵਾਧੂ ਰਕਮ ਭਰਨੀ ਪਵੇਗੀ:
ਵਿਆਜ: ਧਾਰਾ 7Q ਦੇ ਤਹਿਤ ਨਿਰਧਾਰਤ ਸਮੇਂ ਤੋਂ ਬਾਅਦ ਭੁਗਤਾਨ ਕਰਨ 'ਤੇ ਬਕਾਇਆ ਰਕਮ 'ਤੇ 12% ਸਾਲਾਨਾ ਦੀ ਦਰ ਨਾਲ ਵਿਆਜ ਲਗਾਇਆ ਜਾ ਸਕਦਾ ਹੈ।
ਹਰਜ਼ਾਨਾ: ਧਾਰਾ 14B ਦੇ ਤਹਿਤ ਦੇਰੀ ਦੀ ਅਵਧੀ ਦੇ ਹਿਸਾਬ ਨਾਲ ਬਕਾਇਆ ਰਕਮ 'ਤੇ 5% ਤੋਂ 25% ਤੱਕ ਹਰਜ਼ਾਨਾ ਵਸੂਲਿਆ ਜਾ ਸਕਦਾ ਹੈ।
EPFO ਪੋਰਟਲ 'ਤੇ ECR ਫਾਈਲ ਕਰਨ ਦਾ ਤਰੀਕਾ:
1. ਸਭ ਤੋਂ ਪਹਿਲਾਂ EPFO ਦੇ ਅਧਿਕਾਰਤ Employer Portal 'ਤੇ Establishment ID ਅਤੇ ਪਾਸਵਰਡ ਨਾਲ ਲੌਗਇਨ ਕਰੋ।
2. ECR ਸੈਕਸ਼ਨ ਵਿੱਚ ਜਾ ਕੇ ਕਰਮਚਾਰੀਆਂ ਦੀ ਸੈਲਰੀ ਅਤੇ ਪੀ.ਐੱਫ. ਯੋਗਦਾਨ ਦੀ ਜਾਣਕਾਰੀ ਤਿਆਰ ਕਰੋ।
3. ਟੈਕਸਟ ਫਾਈਲ ਅੱਪਲੋਡ ਕਰਕੇ ਜਾਣਕਾਰੀ ਦੀ ਜਾਂਚ ਕਰੋ, ਚਾਲਾਨ ਜਨਰੇਟ ਕਰੋ ਅਤੇ TRRN ਨੰਬਰ ਪ੍ਰਾਪਤ ਕਰੋ।
4. ਨਿਰਧਾਰਤ ਰਕਮ ਦਾ ਭੁਗਤਾਨ ਕਰਕੇ ਰਿਕਾਰਡ ਸੁਰੱਖਿਅਤ ਰੱਖੋ।
