ਭਾਰਤ 'ਚ ਸੋਨੇ ਦੇ ਪ੍ਰੇਮੀ ਘਟੇ, ਕੌਮਾਂਤਰੀ ਬਾਜ਼ਾਰ 'ਤੇ ਵੀ ਅਸਰ

Thursday, Nov 09, 2017 - 02:17 PM (IST)

ਭਾਰਤ 'ਚ ਸੋਨੇ ਦੇ ਪ੍ਰੇਮੀ ਘਟੇ, ਕੌਮਾਂਤਰੀ ਬਾਜ਼ਾਰ 'ਤੇ ਵੀ ਅਸਰ

ਨਵੀਂ ਦਿੱਲੀ— ਭਾਰਤ 'ਚ ਸੋਨੇ ਦੀ ਮੰਗ ਲਗਾਤਾਰ ਘੱਟ ਰਹੀ ਹੈ। ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਨਾਲ 2 ਲੱਖ ਤਕ ਦੀ ਖਰੀਦਦਾਰੀ 'ਤੇ ਪੈਨ ਜ਼ਰੂਰੀ ਹੋਣ ਨਾਲ ਇਸ ਦੀ ਮੰਗ 'ਤੇ ਅਸਰ ਪਿਆ ਹੈ। ਜੁਲਈ ਤੋਂ ਸਤੰਬਰ ਯਾਨੀ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਦੇਸ਼ 'ਚ ਸੋਨੇ ਦੀ ਮੰਗ 24 ਫੀਸਦੀ ਘੱਟ ਕੇ 145 ਟਨ 'ਤੇ ਆ ਗਈ, ਜਦੋਂ ਕਿ 2016 ਦੀ ਇਸ ਮਿਆਦ 'ਚ ਇਹ ਮੰਗ 193 ਟਨ ਰਹੀ ਸੀ। ਉੱਥੇ ਹੀ, ਵਿਸ਼ਵ ਗੋਲਡ ਪ੍ਰੀਸ਼ਦ ਦੀ ਰਿਪੋਰਟ ਮੁਤਾਬਕ ਸੋਨੇ ਦੀ ਕੌਮਾਂਤਰੀ ਮੰਗ ਜੁਲਾਈ-ਸਤੰਬਰ ਦੌਰਾਨ 9 ਫੀਸਦੀ ਘੱਟ ਕੇ 915 ਟਨ ਰਹੀ ਹੈ। ਰਿਪੋਰਟ ਮੁਤਾਬਕ ਸੋਨੇ ਦੀ ਮੰਗ 'ਚ ਕਮੀ ਦਾ ਪ੍ਰਮੁੱਖ ਕਾਰਨ ਭਾਰਤ ਦੇ ਗੋਲਡ ਸੈਕਟਰ 'ਚ ਮੰਦੀ ਰਹਿਣਾ ਅਤੇ ਅਮਰੀਕਾ 'ਚ ਐਕਸਚੇਂਜ਼ ਟ੍ਰੇਡਡ ਫੰਡ (ਈ. ਟੀ. ਐੱਫ.) 'ਚ ਨਿਵੇਸ਼ ਘਟਣਾ ਹੈ। ਇਸ ਦੌਰਾਨ ਗਹਿਣਿਆਂ ਦੀ ਕੌਮਾਂਤਰੀ ਮੰਗ ਤਿੰਨ ਫੀਸਦੀ ਘਟੀ ਹੈ।

ਭਾਰਤ 'ਚ ਜੀ. ਐੱਸ. ਟੀ. ਅਤੇ ਕਾਲਾ ਧਨ ਰੋਕੂ ਕਾਨੂੰਨਾਂ ਦੇ ਮੱਦੇਨਜ਼ਰ ਖਰੀਦਦਾਰ ਸੋਨੇ ਤੋਂ ਦੂਰ ਰਹੇ, ਜਿਸ ਦਾ ਅਸਰ ਕੌਮਾਂਤਰੀ ਮੰਗ 'ਤੇ ਵੀ ਪਿਆ। ਕੌਮਾਂਤਰੀ ਪੱਧਰ 'ਤੇ ਸਾਲ 2017 ਦੀ ਤੀਜੀ ਤਿਮਾਹੀ 'ਚ ਗਹਿਣਿਆਂ ਦੀ ਮੰਗ 479 ਟਨ ਰਹੀ, ਜੋ 2016 ਦੀ ਇਸ ਮਿਆਦ 'ਚ 495 ਟਨ ਸੀ। ਹਾਲਾਂਕਿ ਇਸ ਮਿਆਦ ਦੌਰਾਨ ਸੋਨੇ ਦੇ ਬਾਰ ਅਤੇ ਸਿੱਕਿਆਂ ਦੀ ਕੌਮਾਂਤਰੀ ਮੰਗ 17 ਫੀਸਦੀ ਵਧੀ ਹੈ, ਜਿਸ 'ਚ ਪ੍ਰਮੁੱਖ ਹਿੱਸੇਦਾਰੀ ਚੀਨ ਦੀ ਹੈ। ਇਸ ਦੀ ਵਜ੍ਹਾ ਉੱਥੇ ਕਰੰਸੀ ਦਾ ਮੁੱਲ ਘਟਣਾ ਅਤੇ ਸਰਕਾਰ ਦਾ ਹੋਰ ਨਿਵੇਸ਼ ਬਦਲਾਂ 'ਤੇ ਰੋਕ ਲਾਇਆ ਜਾਣਾ ਹੈ।ਵਿਸ਼ਵ ਗੋਲਡ ਪ੍ਰੀਸ਼ਦ ਮੁਤਾਬਕ, ਭਾਰਤ 'ਚ 2017 ਦੀ ਤੀਜੀ ਤਿਮਾਹੀ 'ਚ ਸੋਨੇ ਦੀ ਮੰਗ 145.9 ਟਨ ਰਹੀ, ਜੋ ਪਿਛਲੀ ਤਿਮਾਹੀ ਤੋਂ 24 ਫੀਸਦੀ ਘੱਟ ਹੈ। ਉੱਥੇ ਹੀ, ਕੀਮਤ ਦੇ ਹਿਸਾਬ ਨਾਲ ਸੋਨੇ ਦੀ ਮੰਗ ਤਕਰੀਬਨ 30 ਫੀਸਦੀ ਘੱਟ ਕੇ 38,540 ਕਰੋੜ ਰੁਪਏ ਰਹੀ ਹੈ। ਰਿਪੋਰਟ ਮੁਤਾਬਕ ਤੀਜੀ ਤਿਮਾਹੀ 'ਚ ਗਹਿਣਾ ਮੰਗ 25 ਫੀਸਦੀ ਘੱਟ ਕੇ 115 ਟਨ ਦੇ ਨੇੜੇ ਰਹੀ ਹੈ, ਜਦੋਂ ਕਿ ਇਸ ਦੌਰਾਨ ਸੋਨੇ 'ਚ ਨਿਵੇਸ਼ ਦੀ ਮੰਗ 23 ਫੀਸਦੀ ਡਿੱਗ ਕੇ 31 ਟਨ ਰਹੀ। ਵਿਸ਼ਵ ਗੋਲਡ ਪ੍ਰੀਸ਼ਦ ਦਾ ਅੰਦਾਜ਼ਾ ਹੈ ਕਿ 2017 'ਚ ਸੋਨੇ ਦੀ ਮੰਗ 650-750 ਟਨ ਰਹਿ ਸਕਦੀ ਹੈ।


Related News