HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ

Wednesday, Feb 15, 2023 - 02:34 PM (IST)

HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ

ਨਵੀਂ ਦਿੱਲੀ- ਰਿਹਾਇਸ਼ ਵਿੱਤ ਕੰਪਨੀ ਹਾਊਸਿੰਗ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (ਐੱਚ.ਡੀ.ਐੱਫ.ਸੀ.) ਇਸ ਹਫ਼ਤੇ ਦੇ ਅੰਤ ਤੱਕ 10 ਸਾਲ ਦਾ ਬਾਂਡ ਜਾਰੀ ਕਰਕੇ ਕੁੱਲ 25,000 ਕਰੋੜ ਰੁਪਏ ਤੱਕ ਜੁਟਾਏਗੀ। ਸੂਤਰਾਂ ਨੇ ਕਿਹਾ ਕਿ ਇਹ ਕਿਸੇ ਕੰਪਨੀ ਦੁਆਰਾ ਸਭ ਤੋਂ ਵੱਡੀ ਯੋਜਨਾਬੱਧ ਬਾਂਡ ਵਿਕਰੀ ਹੈ। ਐੱਚ.ਡੀ.ਐੱਫ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਵੀ.ਐੱਸ ​​ਰੰਗਨ ਨੇ ਕਿਹਾ, “ਅਸੀਂ 20,000 ਕਰੋੜ ਰੁਪਏ ਤੱਕ ਦੇ ਵਾਧੂ ਬਾਂਡ ਭਾਵ ਗ੍ਰੀਨ ਸ਼ੂਅ ਜਾਰੀ ਕਰਨ ਦੇ ਵਿਕਲਪ ਦੇ ਨਾਲ 5,000 ਕਰੋੜ ਰੁਪਏ ਦੇ ਗੈਰ-ਪਰਿਵਰਤਨਸ਼ੀਲ ਡਿਬੈਂਚਰ (ਐੱਨ.ਸੀ.ਡੀ) ਜਾਰੀ ਕੀਤੇ ਹਨ। ਇਸ ਰਕਮ ਦੀ ਵਰਤੋਂ ਅਸੀਂ ਆਪਣੀਆਂ ਵਪਾਰਕ ਲੋੜਾਂ ਨੂੰ ਪੂਰਾ ਕਰਨ ਲਈ ਕਰਾਂਗੇ।

ਇਹ ਵੀ ਪੜ੍ਹੋ-2023 'ਚ ਹਵਾਈ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ : ਰੈੱਡੀ
ਬਲੂਮਬਰਗ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੇਕਰ ਐੱਚ.ਡੀ.ਐੱਫ.ਸੀ. ਦੀ ਪੂਰੀ ਯੋਜਨਾਬੱਧ ਬਾਂਡ ਵਿਕਰੀ ਸਫ਼ਲ ਹੁੰਦੀ ਹੈ ਤਾਂ ਇਹ ਕਿਸੇ ਭਾਰਤੀ ਕੰਪਨੀ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ ਹੋਵੇਗੀ। ਸੂਤਰਾਂ ਨੇ ਕਿਹਾ ਕਿ ਬਾਂਡ 7.97 ਫ਼ੀਸਦੀ ਦੀ ਵਿਆਜ ਦਰ 'ਤੇ ਜਾਰੀ ਕੀਤੇ ਜਾ ਸਕਦੇ ਹਨ। 10 ਸਾਲਾਂ ਸਰਕਾਰੀ ਬੈਂਚਮਾਰਕ ਬਾਂਡ ਯੀਲਡ 7.37 ਫ਼ੀਸਦੀ 'ਤੇ ਚੱਲ ਰਿਹਾ ਸੀ।

ਇਹ ਵੀ ਪੜ੍ਹੋ-ਅਗਲੇ ਵਿੱਤੀ ਸਾਲ 9-11 ਫੀਸਦੀ ਤੱਕ ਵਧੇਗੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ
ਮਕਾਨ ਲਈ ਕਰਜ਼ ਦੇਣ ਵਾਲੀ ਸਭ ਤੋਂ ਵੱਡੀ ਦੇਸੀ ਕੰਪਨੀ ਐੱਚ.ਡੀ.ਐੱਫ.ਸੀ. ਬਾਂਡ ਤੋਂ ਇਕੱਠੇ ਕੀਤੇ ਫੰਡਾਂ ਦੀ ਵਰਤੋਂ ਕਰਜ਼ੇ ਜਾਂ ਪੁਨਰਵਿੱਤੀ ਲੋੜਾਂ ਲਈ ਕਰੇਗੀ। ਐੱਚ.ਡੀ.ਐੱਫ.ਸੀ. ਦੀ ਯੋਜਨਾਬੱਧ ਬਾਂਡ ਵਿਕਰੀ ਕੰਪਨੀ ਦੇ ਐੱਚ.ਡੀ.ਐੱਫ.ਸੀ. ਬੈਂਕ 'ਚ ਰਲੇਵੇਂ ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਅਪ੍ਰੈਲ 2022 'ਚ ਐੱਚ.ਡੀ.ਐੱਫ.ਸੀ. ਬੈਂਕ ਨੇ ਕਿਹਾ ਸੀ ਕਿ ਉਹ 40 ਅਰਬ ਡਾਲਰ ਦੇ ਮੁੱਲ ਨਾਲ ਐੱਚ.ਡੀ.ਐੱਫ.ਸੀ. ਦਾ ਰਲੇਵਾਂ ਕਰੇਗਾ।

ਇਹ ਵੀ ਪੜ੍ਹੋ- ਅਡਾਨੀ ਮਾਮਲਾ : ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ-ਬਾਜ਼ਾਰ ਦੀ ਅਸਥਿਰਤਾ ਤੋਂ ਨਿਪਟਣ ਲਈ ਉਨ੍ਹਾਂ ਕੋਲ ਮਜ਼ਬੂਤ ਢਾਂਚਾ
ਸ਼ੁਰੂਆਤ 'ਚ ਇਹ ਰਲੇਵੇਂ ਅਗਲੇ ਵਿੱਤੀ ਸਾਲ ਦੀ ਦੂਜੀ ਜਾਂ ਤੀਜੀ ਤਿਮਾਹੀ 'ਚ ਪੂਰਾ ਹੋਣ ਦੀ ਉਮੀਦ ਜਤਾਈ ਗਈ ਸੀ। ਪਰ ਬਾਅਦ 'ਚ ਐੱਚ.ਡੀ.ਐੱਫ.ਸੀ. ਬੈਂਕ ਦੇ ਉੱਚ ਅਧਿਕਾਰੀਆਂ ਨੇ ਕਿਹਾ ਸੀ ਕਿ ਰਲੇਵੇਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਜਾ ਸਕਦਾ ਹੈ। ਕੁਝ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਰਲੇਵੇਂ ਦੀ ਪ੍ਰਕਿਰਿਆ ਅਪ੍ਰੈਲ-ਜੂਨ ਤੱਕ ਪੂਰੀ ਹੋ ਜਾਵੇਗੀ। ਦਸੰਬਰ 2022 'ਚ ਐੱਚ.ਡੀ.ਐੱਫ.ਸੀ. ਬੈਂਕ ਨੇ ਟੀਅਰ 2 ਬਾਂਡ ਜਾਰੀ ਕਰਕੇ 15,000 ਕਰੋੜ ਰੁਪਏ ਇਕੱਠੇ ਕੀਤੇ, ਜੋ ਮੌਜੂਦਾ ਵਿੱਤੀ ਸਾਲ 'ਚ ਕਿਸੇ ਵੀ ਬੈਂਕ ਦੁਆਰਾ ਬਾਂਡਾਂ ਤੋਂ ਇਕੱਠੀ ਕੀਤੀ ਗਈ ਸਭ ਤੋਂ ਵੱਡੀ ਰਕਮ ਹੈ। ਪਿਛਲੇ ਮਹੀਨੇ, ਨਿਊਜ਼ ਏਜੰਸੀ ਰਾਇਟਰਜ਼ ਨੇ ਰਿਪੋਰਟ ਦਿੱਤੀ ਸੀ ਕਿ ਐੱਚ.ਡੀ.ਐੱਫ.ਸੀ. ਕੁਝ ਮਹੀਨਿਆਂ ਬਾਅਦ 10 ਸਾਲ ਦੇ ਬਾਂਡ ਜਾਰੀ ਕਰਕੇ 3,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਨਵੰਬਰ 2022 'ਚ 1,900 ਕਰੋੜ ਰੁਪਏ ਦੇ 10 ਸਾਲਾਂ ਬਾਂਡ ਵੀ ਜਾਰੀ ਕੀਤੇ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News