HCL ਟੈੱਕ ਦਾ ਸ਼ੁੱਧ ਲਾਭ 18.5 ਫੀਸਦੀ ਵਧਿਆ
Friday, Oct 16, 2020 - 09:10 PM (IST)
ਨਵੀਂ ਦਿੱਲੀ– ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ਐੱਚ. ਸੀ. ਐੱਲ. ਤਕਨਾਲੋਜੀ ਦਾ ਸ਼ੁੱਧ ਲਾਭ ਸਤੰਬਰ ਤਿਮਾਹੀ ’ਚ 18.5 ਫੀਸਦੀ ਦੇ ਵਾਧੇ ਨਾਲ 3,142 ਕਰੋੜ ਰੁਪਏ ’ਤੇ ਪਹੁੰਚ ਗਿਆ।
ਕੰਪਨੀ ਮਜ਼ਬੂਤ ਵਾਧੇ ਦੇ ਦਮ ’ਤੇ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ 9,000 ਨਵੇਂ ਲੋਕਾਂ ਨੂੰ ਕੰਮ ’ਤੇ ਰੱਖਣ ਵਾਲੀ ਹੈ। ਕੰਪਨੀ ਨੇ ਦੱਸਿਆ ਕਿ ਸਾਲ ਭਰ ਪਹਿਲਾਂ ਦੀ ਸਮਾਨ ਤਿਮਾਹੀ ’ਚ ਉਸ ਨੂੰ 2,651 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਸਮੀਖਿਆ ਅਧੀਨ ਤਿਮਾਹੀ ’ਚ ਕੰਪਨੀ ਦਾ ਮਾਲੀਆ 6.1 ਫੀਸਦੀ ਵਧ ਕੇ 18,594 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਇਸੇ ਤਿਮਾਹੀ ’ਚ 17,528 ਕਰੋੜ ਰੁਪਏ ਸੀ। ਤਿਮਾਹੀ ਦੇ ਆਧਾਰ ’ਤੇ ਸ਼ੁੱਧ ਲਾਭ ਜੂਨ ਦੇ 2,925 ਕਰੋੜ ਰੁਪਏ ਤੋਂ 7.4 ਫੀਸਦੀ ਵੱਧ ਰਿਹਾ, ਜਦੋਂ ਕਿ ਮਾਲੀਆ 17,841 ਕਰੋੜ ਰੁਪਏ ਤੋਂ 4.2 ਫੀਸਦੀ ਵੱਧ ਰਿਹਾ।
ਐੱਚ. ਸੀ. ਤਕਨਾਲੋਜੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੀ. ਵਿਜੇ ਕੁਮਾਰ ਨੇ ਕਿਹਾ ਕਿ ਅਸੀਂ ਸਥਿਰ ਮੁਦਰਾ ਦੇ ਆਧਾਰ ’ਤੇ 4.5 ਫੀਸਦੀ ਦਾ ਮਾਲੀ ਵਾਧਾ ਅਤੇ ਟੈਕਸ ਭੁਗਤਾਨ ਤੋਂ ਪਹਿਲਾਂ 21.6 ਫੀਸਦੀ ਦੇ ਲਾਭ ਵਾਧੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਈ 3 ਪੱਧਰ ਦੇ ਕਰਮਚਾਰੀਆਂ ਦੀ ਤਨਖ਼ਾਹ ’ਚ 1 ਅਕਤੂਬਰ ਤੋਂ ਵਾਧਾ ਕਰ ਰਹੇ ਹਨ। ਈ 4 ਅਤੇ ਇਸ ਤੋਂ ਉੱਪਰ ਦੇ ਪੱਧਰ ਦੇ ਕਰਮਚਾਰੀਆਂ ਦੀ ਤਨਖ਼ਾਹ 1 ਜਨਵਰੀ ਤੋਂ ਵਧੇਗੀ। ਇਹ ਗਿਣਤੀ ਤਨਖ਼ਾਹ ਵਾਧੇ ਦੇ ਚੱਕਰ ਤੋਂ ਇਕ ਤਿਮਾਹੀ ਦੀ ਦੇਰੀ ਹੈ।