ਤਨਖਾਹ ਨਾ ਮਿਲਣ ''ਤੇ ਗੋਏਅਰ ਦੇ ਅੱਧਾ ਦਰਜਨ ਸੀਨੀਅਰ ਅਧਿਕਾਰੀਆਂ ਨੇ ਛੱਡੀ ਨੌਕਰੀ
Friday, Aug 21, 2020 - 12:21 AM (IST)
ਨਵੀਂ ਦਿੱਲੀ (ਇੰਟ.)– ਏਅਰਲਾਇੰਸ ਗੋਏਅਰ ਦੇ ਅੱਧਾ ਦਰਜਨ ਸੀਨੀਅਰ ਅਧਿਕਾਰੀਆਂ ਨੇ ਨੌਕਰੀ ਛੱਡ ਦਿੱਤੀ ਹੈ। ਕਾਰਣ ਇਹ ਹੈ ਕਿ ਕੰਪਨੀ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਨਹੀਂ ਦੇ ਰਹੀ ਹੈ। ਕੰਪਨੀ ਨੇ ਬਹੁਤ ਸਾਰੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ 'ਤੇ ਭੇਜ ਦਿੱਤਾ ਹੈ। ਕੰਪਨੀ 'ਚ ਕੁਲ 6,700 ਕਰਮਚਾਰੀ ਹਨ, ਜਿਨ੍ਹਾਂ 'ਚੋਂ 4,000 ਦੇ ਕਰੀਬ ਬਿਨਾਂ ਤਨਖਾਹ ਤੋਂ ਛੁੱਟੀ 'ਤੇ ਹਨ। ਜਾਣਕਾਰੀ ਮੁਤਾਬਕ ਹਾਲ ਹੀ ਦੇ ਹਫਤਿਆਂ 'ਚ ਕਾਫੀ ਕਰਮਚਾਰੀਆਂ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ।
ਗੋਏਅਰ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਲਗਾਤਾਰ ਮਾਰਕੀਟ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ ਅਤੇ ਮੌਜੂਦਾ ਸਮੇਂ 'ਚ ਆਪਣੇ ਫਲਾਈਟ ਆਪ੍ਰੇਸ਼ਨਸ ਮੁਤਾਬਕ ਲਾਗਤ ਨੂੰ ਤੈਅ ਕਰੇਗੀ। ਕੋਰਨਾ ਵਾਇਰਸ ਮਹਾਮਾਰੀ ਨਾਲ ਏਅਰਲਾਈਨ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਏਅਰਲਾਈਨ ਕੰਪਨੀਆਂ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ।
ਕੰਪਨੀ 30 ਫੀਸਦੀ ਕਰਮਚਾਰੀਆਂ ਦੀ ਤਨਖਾਹ ਨਹੀਂ ਦੇ ਪਾ ਰਹੀ
ਕੰਪਨੀ ਨੇ ਮਾਰਚ 'ਚ ਆਪਣੇ ਜ਼ਿਆਦਾਤਰ ਕਰਮਚਾਰੀਆਂ ਦੀ ਤਨਖਾਹ 'ਚ ਕਟੌਤੀ ਦਾ ਐਲਾਨ ਕੀਤਾ ਸੀ। ਅਪ੍ਰੈਲ 'ਚ ਕੰਪਨੀ ਨੇ 60 ਤੋਂ 70 ਫੀਸਦੀ ਕਰਮਚਾਰੀਆਂ ਨੂੰ ਤਨਖਾਹ ਤੋਂ ਬਿਨਾਂ ਛੁੱਟੀ 'ਤੇ ਭੇਜਣ ਦੀ ਸਕੀਮ ਐਲਾਨ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਬਾਕੀ 30 ਫੀਸਦੀ ਕਰਮਚਾਰੀਆਂ ਦੀ ਤਨਖਾਹ ਵੀ ਨਿਯਮਿਤ ਰੂਪ ਨਾਲ ਨਹੀਂ ਦੇ ਪਾ ਰਹੀ ਹੈ। ਇਸ ਮਹੀਨੇ ਕੰਪਨੀ ਨੇ ਕਰਮਚਾਰੀਆਂ ਨੂੰ ਤਿੰਨ ਬਦਲ ਦਿੱਤੇ। ਇਸ 'ਚ ਖੁਦ ਅਸਤੀਫਾ ਦੇਣ, ਟਰਮੀਨੇਸ਼ਨ ਅਤੇ ਅਣਮਿੱਥੀ ਮਿਆਦ ਤੱਕ ਬਿਨਾਂ ਤਨਖਾਹ 'ਤੇ ਛੁੱਟੀ ਦਾ ਬਦਲ ਸ਼ਾਮਲ ਹਨ।
ਕੰਪਨੀ ਸੰਭਾਵਿਤ ਕਦਮ ਚੁੱਕੇਗੀ
ਗੋਏਅਰ ਦੇ ਬੁਲਾਰੇ ਨੇ ਕਿਹਾ ਕਿ ਲੰਮੀ ਮਿਆਦ ਦੇ ਲਿਹਾਜ ਨਾਲ ਕੰਪਨੀ ਸੰਭਾਵਿਤ ਕਦਮ ਚੁੱਕੇਗੀ, ਜਿਸ 'ਚ ਲਾਗਤ ਦੀ ਕਟੌਤੀ 'ਤੇ ਫੋਕਸ ਹੋਵੇਗਾ ਕਿਉਂਕਿ ਹਾਲੇ ਵੀ ਮੰਗ 'ਚ ਅਨਿਸ਼ਚਿਤਤਾ ਬਣੀ ਹੋਈ ਹੈ। ਕੰਪਨੀ ਸਾਰੇ ਤਰ੍ਹਾਂ ਦੇ ਰੈਵੇਨਿਊ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।