FD ਜਾਓਗੇ ਭੁੱਲ! ਸਰਕਾਰ ਲਾਂਚ ਕਰਨ ਵਾਲੀ ਹੈ ਇਹ ਗਰੰਟੀਡ ਰਿਟਰਨ ਸਕੀਮ

Thursday, Oct 15, 2020 - 07:39 PM (IST)

FD ਜਾਓਗੇ ਭੁੱਲ! ਸਰਕਾਰ ਲਾਂਚ ਕਰਨ ਵਾਲੀ ਹੈ ਇਹ ਗਰੰਟੀਡ ਰਿਟਰਨ ਸਕੀਮ

ਨਵੀਂ ਦਿੱਲੀ— ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਤਹਿਤ ਸਰਕਾਰ ਜਲਦ ਹੀ ਗਾਰੰਟੀਸ਼ੁਦਾ ਰਿਟਰਨ ਵਾਲਾ ਉਤਪਾਦ ਲਾਂਚ ਕਰਨ ਜਾ ਰਹੀ ਹੈ। ਪੈਨਸ਼ਨ ਫੰਡ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਵੀਰਵਾਰ ਨੂੰ ਕਿਹਾ ਇਸ ਵਿੱਤੀ ਸਾਲ ਦੇ ਅੰਤ ਤੱਕ ਐੱਨ. ਪੀ. ਐੱਸ. ਤਹਿਤ ਗਾਰੰਟੀਡ ਰਿਟਰਨ ਪ੍ਰਾਡਕਟ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।

ਪੀ. ਐੱਫ. ਆਰ. ਡੀ. ਏ. ਚੇਅਰਮੈਨ ਸੁਪ੍ਰਤਿਮ ਬੰਦੋਪਾਧਿਆਏ ਨੇ ਕਿਹਾ ਕਿ ਇਸ ਉਤਪਾਦ ਨੂੰ ਲੈ ਕੇ ਪਿਛਲੇ ਸਾਲ ਹੀ ਗੱਲਬਾਤ ਹੋਈ ਸੀ, ਜਿਸ ਤਹਿਤ ਘੱਟੋ-ਘੱਟ ਗਾਰੰਟੀਡ ਰਿਟਰਨ ਹੋਵੇ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਿਲਕੁਲ ਬਾਜ਼ਾਰ ਆਧਾਰਿਤ ਉਤਪਾਦ ਹਨ ਅਤੇ ਅਸੀਂ ਆਪਣੇ 'ਤੇ ਕਿਸੇ ਨਿਵੇਸ਼ ਦਾ ਜੋਖ਼ਮ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਬੀਮਾ ਸੈਕਟਰ 'ਚ ਜੋ ਵੀ ਪਹਿਲਾਂ ਗਾਰੰਟੀਸ਼ੁਦਾ ਉਤਪਾਦ ਸਨ, ਉਹ ਹੌਲੀ-ਹੌਲੀ ਵਾਪਸ ਲੈ ਲਏ ਗਏ ਸਨ ਕਿਉਂਕਿ ਸੰਗਠਨਾਂ ਲਈ ਇਹ ਲੰਮੇ ਸਮੇਂ ਤੱਕ ਚਲਾਉਣੇ ਸੰਭਵ ਨਹੀਂ ਸਨ। ਇੱਥੋਂ ਤੱਕ ਕਿ ਬਾਜ਼ਾਰ ਰੈਗੂਲੇਟਰ ਸੇਬੀ ਕਿਸੇ ਵੀ ਗਾਰੰਟੀਡ ਰਿਟਰਨ ਉਤਪਾਦਾਂ ਨੂੰ ਉਤਸ਼ਾਹਤ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਪੀ. ਐੱਫ. ਆਰ. ਡੀ. ਏ. ਕਾਨੂੰਨ ਤਹਿਤ ਸਾਨੂੰ ਘੱਟੋ-ਘੱਟ ਰਿਟਰਨ ਦੇਣ ਵਾਲਾ ਗਾਰੰਟੀਡ ਉਤਪਾਦ ਪੇਸ਼ ਕਰਨ ਦੀ ਮਨਜ਼ੂਰੀ ਹੈ।

ਬੰਦੋਪਾਧਿਆਏ ਨੇ ਕਿਹਾ ਕਿ ਅਗਲੇ 6 ਮਹੀਨਿਆਂ 'ਚ ਗਾਰੰਟੀਡ ਉਤਪਾਦ ਤਿਆਰ ਹੋ ਸਕਦਾ ਹੈ ਪਰ ਇਸ ਦੇ ਲਾਂਚ 'ਚ ਸਮਾਂ ਲੱਗ ਸਕਦਾ ਹੈ। ਮਹਾਮਾਰੀ ਦੌਰਾਨ ਬਾਜ਼ਾਰ ਲਿੰਕਡ ਐੱਨ. ਪੀ. ਐੱਸ. ਦੇ ਰਿਟਰਨ ਬਾਰੇ ਪੀ. ਐੱਫ. ਆਰ. ਡੀ. ਏ. ਮੁਖੀ ਨੇ ਕਿਹਾ ਕਿ ਮਹਾਮਾਰੀ ਕਾਰਨ ਹੁਣ ਤੱਕ ਇਕੁਇਟੀ ਰਿਟਰਨ 'ਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਹ ਜਨਵਰੀ ਜਾਂ ਫਰਵਰੀ ਦੇ ਆਰੰਭ ਨਾਲੋਂ ਤਕਰੀਬਨ 40 ਫੀਸਦੀ ਘੱਟ ਹੈ। ਹਾਲਾਂਕਿ, ਬਾਜ਼ਾਰ ਨੇ ਕੁਝ ਵਾਪਸੀ ਕੀਤੀ ਹੈ ਪਰ ਮੌਜੂਦਾ ਸਾਲ 'ਚ ਰਿਟਰਨ ਘੱਟ ਰਹਿ ਸਕਦਾ ਹੈ। ਗੌਰਤਲਬ ਹੈ ਕਿ ਐੱਨ. ਪੀ. ਐੱਸ. ਬਾਜ਼ਾਰ ਲਿੰਕਡ ਪੈਨਸ਼ਨ ਯੋਜਨਾ ਹੈ ਅਤੇ ਇਹ ਪਿਛਲੇ ਦਸ ਸਾਲਾਂ 'ਚ ਲਗਭਗ 10 ਫੀਸਦੀ ਰਿਟਰਨ ਦੇ ਚੁੱਕੀ ਹੈ ਪਰ ਮਹਾਮਾਰੀ ਕਾਰਨ ਬਾਜ਼ਾਰ ਦੇ ਹੇਠਾਂ ਆਉਣ ਦੀ ਵਜ੍ਹਾ ਨਾਲ ਰਿਟਰਨ 'ਤੇ ਮਾਰ ਪੈ ਰਹੀ ਹੈ।


author

Sanjeev

Content Editor

Related News