GST ਮਾਲੀਆ ਸੰਗ੍ਰਹਿ 1.17 ਲੱਖ ਕਰੋੜ ਤੋਂ ਪਾਰ
Saturday, Oct 02, 2021 - 05:26 PM (IST)
 
            
            ਨਵੀਂ ਦਿੱਲੀ (ਯੂ. ਐੱਨ. ਆਈ.) – ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਅਰਥਵਿਵਸਥਾ ਦੇ ਪਟੜੀ ’ਤੇ ਪਰਤਣ ਦੇ ਨਾਲ ਹੀ ਜੀ. ਐੱਸ. ਟੀ. ਮਾਲੀਆ ਸੰਗ੍ਰਹਿ ’ਚ ਮੁੜ ਤੇਜ਼ੀ ਆਉਣ ਲੱਗੀ ਹੈ। ਇਸ ਸਾਲ ਸਤੰਬਰ ’ਚ ਜੀ. ਐੱਸ. ਟੀ. ਮਾਲੀਆ ਸੰਗ੍ਰਹਿ 1.17 ਲੱਖ ਕਰੋੜ ਰੁਪਏ ਦੇ ਪਾਰ ਹੈ ਜੋ ਪਿਛਲੇ ਵਿੱਤੀ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 23 ਫੀਸਦੀ ਵੱਧ ਹੈ।
ਕੋਰੋਨਾ ਦੀ ਦੂਜੀ ਲਹਿਰ ਕਾਰਨ ਲਗਾਏ ਗਏ ਕਠੋਰ ਲਾਕਡਾਊਨ ਕਾਰਨ ਇਸ ਸਾਲ ਜੂਨ ’ਚ ਜੀ. ਐੱਸ. ਟੀ. ਮਾਲੀਆ ਸੰਗ੍ਰਹਿ ਇਕ ਲੱਖ ਕਰੋੜ ਰੁਪਏ ਤੋਂ ਘੱਟ ਰਿਹਾ ਸੀ। ਇਸ ਤੋਂ ਪਹਿਲਾਂ ਲਗਾਤਾਰ 9 ਮਹੀਨਿਆਂ ਤੱਕ ਇਹ ਇਕ ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਸੀ। ਹੁਣ ਫਿਰ ਜੁਲਾਈ, ਅਗਸਤ ਅਤੇ ਸਤੰਬਰ ’ਚ ਇਹ ਇਕ ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਔਸਤ ਜੀ. ਐੱਸ. ਟੀ. ਮਾਲੀਆ ਸੰਗ੍ਰਹਿ 1.15 ਲੱਖ ਕਰੋੜ ਰੁਪਏ ਰਿਹਾ ਹੈ ਜਦ ਕਿ ਪਹਿਲੀ ਤਿਮਾਹੀ ’ਚ ਇਹ 1.10 ਲੱਖ ਕਰੋੜ ਰੁਪਏ ਰਿਹਾ ਸੀ। ਇਸ ਸਾਲ ਅਗਸਤ ’ਚ ਕੁੱਲ ਜੀ. ਐੱਸ. ਟੀ. ਮਾਲੀਆ ਸੰਗ੍ਰਹਿ 1,17,010 ਕਰੋੜ ਰੁਪਏ ਰਿਹਾ ਹੈ। ਇਸ ’ਚ ਸੀ. ਜੀ. ਐੱਸ. ਟੀ. 20578 ਕਰੋੜ, ਐੱਸ. ਜੀ. ਐੱਸ. ਟੀ. 26767 ਕਰੋੜ, ਆਈ. ਜੀ. ਐੱਸ. ਟੀ. 60911 ਕਰੋੜ ਅਤੇ ਮੁਆਵਜ਼ਾ ਸੈੱਸ 8754 ਕਰੋੜ ਰੁਪਏ ਰਿਹਾ ਹੈ। ਆਈ. ਜੀ. ਐੱਸ. ਟੀ. ’ਚ ਦਰਾਮਦ ’ਤੇ ਜੀ. ਐੱਸ. ਟੀ. 29555 ਕਰੋੜ ਅਤੇ ਮੁਆਵਜ਼ਾ ਸੈੱਸ ’ਚ ਦਰਾਮਦ ’ਤੇ ਜੀ. ਐੱਸ. ਟੀ. 623 ਕਰੋੜ ਰੁਪਏ ਸ਼ਾਮਲ ਹੈ। ਸਰਕਾਰ ਨੇ ਸੀ. ਜੀ. ਐੱਸ.ਟੀ. ਵਿਚ 28,812 ਕਰੋੜ ਅਤੇ ਐੱਸ. ਜੀ. ਐੱਸ. ਟੀ. ’ਚ 24140 ਕਰੋੜ ਰੁਪਏ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕੇਂਦਰ ਅਤੇ ਸੂਬਿਆਂ ਨੂੰ 50 : 50 ਫੀਸਦੀ ਰਾਸ਼ੀ ਦੇਣ ਦੇ ਟੀਚੇ ਨਾਲ ਆਈ. ਜੀ. ਐੱਸ. ਟੀ. ਤੋਂ 24 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਇਸ ਤਰ੍ਹਾਂ ਸਤੰਬਰ ’ਚ ਸੀ. ਜੀ. ਐੱਸ. ਟੀ. 49390 ਕਰੋੜ ਅਤੇ ਐੱਸ. ਜੀ. ਐੱਸ. ਟੀ. 50907 ਕਰੋੜ ਰੁਪਏ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            