GST ਦਾ ਰਿਕਾਰਡ, ਤਿੰਨ ਸਾਲਾਂ 'ਚ ਪਹਿਲੀ ਵਾਰ 1.41 ਲੱਖ ਕਰੋੜ ਰੁ: 'ਤੇ ਪੁੱਜਾ

Saturday, May 01, 2021 - 05:12 PM (IST)

ਨਵੀਂ ਦਿੱਲੀ- ਗਲੋਬਲ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰੀ ਖ਼ਰਚ ਵਿਚਕਾਰ ਜੀ. ਐੱਸ. ਟੀ. ਦੇ ਮੋਰਚੇ 'ਤੇ ਚੰਗੀ ਖ਼ਬਰ ਹੈ। ਇਸ ਸਾਲ ਅਪ੍ਰੈਲ ਵਿਚ ਰਿਕਾਰਡ 1,41,384 ਕਰੋੜ ਰੁਪਏ ਦਾ ਜੀ. ਐੱਸ. ਟੀ. ਮਾਲੀਆ ਇਕੱਤਰ ਹੋਇਆ ਹੈ। ਇਹ ਤਾਲਾਬੰਦੀ ਤੋਂ ਬਾਅਦ ਆਰਥਿਕ ਗਤੀਵਿਧੀਆਂ ਵਿਚ ਆਈ ਤੇਜ਼ੀ ਦਾ ਸੰਕੇਤ ਹੈ। ਜੁਲਾਈ 2017 ਵਿਚ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਵਿਵਸਥਾ ਲਾਗ ਹੋਣ ਪਿੱਛੋਂ ਇਹ ਪਹਿਲੀ ਵਾਰ ਹੈ ਜਦੋਂ ਜੀ. ਐੱਸ. ਟੀ. ਮਾਲੀਆ 1.41 ਕਰੋੜ ਰੁਪਏ ਰਿਹਾ। 

ਮਾਰਚ ਵਿਚ 1.24 ਲੱਖ ਕਰੋੜ ਰੁਪਏ ਦਾ ਮਾਲੀਆ ਵੀ ਪਹਿਲੀ ਵਾਰ ਕਿਸੇ ਮਹੀਨੇ ਵਿਚ ਇਕੱਤਰ ਹੋਇਆ ਸੀ। ਇਸ ਦੇ ਨਾਲ ਹੀ ਅਕਤੂਬਰ 2020 ਤੋਂ ਜੀ. ਐੱਸ. ਟੀ. ਕੁਲੈਕਸ਼ਨ 1 ਲੱਖ ਤੋਂ ਉਪਰ ਬਣਿਆ ਹੋਇਆ ਹੈ। ਅਕਤੂਬਰ 2020 ਵਿਚ ਜੀ. ਐੱਸ. ਟੀ. ਕੁਲੈਕਸ਼ਨ 105,155 ਕਰੋੜ ਰੁਪਏ, ਨਵੰਬਰ 2020 ਵਿਚ 104,963 ਕਰੋੜ ਰੁਪਏ, ਦਸੰਬਰ 2020 ਵਿਚ 115,174 ਕਰੋੜ ਰੁਪਏ ਅਤੇ ਇਸ ਸਾਲ ਜਨਵਰੀ ਵਿਚ 119,875 ਕਰੋੜ ਰੁਪਏ, ਫਰਵਰੀ ਵਿਚ 113143 ਲੱਖ ਕਰੋੜ ਰੁਪਏ, ਮਾਰਚ ਵਿਚ 123,902 ਕਰੋੜ ਰੁਪਏ ਰਿਹਾ ਸੀ।

ਵਿੱਤ ਮੰਤਰਾਲਾ ਮੁਤਾਬਕ, ਅਪ੍ਰੈਲ 2021 ਵਿਚ ਇਕੱਤਰ ਮਾਲੀਆ ਵਿਚ ਸੀ. ਜੀ. ਐੱਸ. ਟੀ. 27,837 ਕਰੋੜ ਰੁਪਏ, ਐੱਸ. ਜੀ. ਐੱਸ. ਟੀ. 35,621 ਕਰੋੜ ਰੁਪਏ, ਆਈ. ਜੀ. ਐੱਸ. ਟੀ. 68,481 ਕਰੋੜ ਰੁਪਏ ਅਤੇ 9,445 ਕਰੋੜ ਰੁਪਏ ਸੈੱਸ ਸ਼ਾਮਲ ਹੈ। ਆਈ. ਜੀ. ਐੱਸ. ਟੀ. ਵਿਚ 29,599 ਕਰੋੜ ਰੁਪਏ ਅਤੇ ਸੈੱਸ ਵਿਚ 981 ਕਰੋੜ ਰੁਪਏ ਦਰਾਮਦ ਵਸਤੂਆਂ ਤੋਂ ਇਕੱਤਰ ਟੈਕਸ ਸ਼ਾਮਲ ਹੈ। ਸਰਕਾਰ ਨੇ ਆਈ. ਜੀ. ਐੱਸ. ਟੀ. ਵਿਚੋਂ 29,185 ਕਰੋੜ ਰੁਪਏ ਸੀ. ਜੀ. ਐੱਸ. ਟੀ. ਵਿਚ ਅਤੇ 22,756 ਕਰੋੜ ਰੁਪਏ ਐੱਸ. ਜੀ. ਐੱਸ. ਟੀ. ਵਿਚ ਤਬਦੀਲ ਕੀਤੇ ਹਨ। ਇਸ ਤੋਂ ਇਲਾਵਾ ਸੀ. ਜੀ. ਐੱਸ. ਟੀ. ਵਿਚ 57,022 ਕਰੋੜ ਰੁਪਏ ਅਤੇ ਐੱਸ. ਜੀ. ਐੱਸ. ਟੀ. ਵਿਚ 58,377ਕਰੋੜ ਰੁਪਏ ਟਰਾਂਸਫਰ ਕੀਤੇ ਹਨ।


Sanjeev

Content Editor

Related News