GST ਕੁਲੈਕਸ਼ਨ ਨੇ ਵਧਾਈ ਸਰਕਾਰ ਦੀ ਕਮਾਈ, ਜੂਨ ’ਚ ਆਏ 1.74 ਲੱਖ ਕਰੋੜ
Tuesday, Jul 02, 2024 - 10:37 AM (IST)
ਨਵੀਂ ਦਿੱਲੀ (ਇੰਟ.) - ਜੀ. ਐੱਸ. ਟੀ. ਕੁਲੈਕਸ਼ਨ ਨਾਲ ਸਰਕਾਰ ਦੀ ਕਮਾਈ ’ਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ ਹੈ। ਜੂਨ ਮਹੀਨੇ ’ਚ ਜੀ. ਐੱਸ. ਟੀ. ਕੁਲੈਕਸ਼ਨ 1.74 ਲੱਖ ਕਰੋੜ ਨੂੰ ਪਾਰ ਕਰ ਗਈ ਹੈ, ਜਿਸ ’ਚ ਸੀ. ਜੀ. ਐੱਸ. ਟੀ. 39,586 ਕਰੋੜ ਅਤੇ ਐੱਸ. ਜੀ. ਐੱਸ. ਟੀ. 33,548 ਕਰੋਡ਼ ਰੁਪਏ ਹੈ।
ਮਈ 2024 ’ਚ ਸਰਕਾਰ ਦੀ ਜੀ. ਐੱਸ. ਟੀ. ਕੁਲੈਕਸ਼ਨ 1.73 ਲੱਖ ਕਰੋਡ਼ ਰੁਪਏ ਰਹੀ ਸੀ, ਜੋ ਪਿਛਲੇ ਸਾਲ ਮਈ ਦੇ ਮਹੀਨੇ ’ਚ ਹੋਈ ਜੀ. ਐੱਸ. ਟੀ. ਕੁਲੈਕਸ਼ਨ ਦੇ ਮੁਕਾਬਲੇ ਰਿਕਾਰਡ 10 ਫ਼ੀਸਦੀ ਜ਼ਿਆਦਾ ਸੀ। ਪਿਛਲੇ ਸਾਲ ਮਈ ’ਚ 1.57 ਲੱਖ ਕਰੋਡ਼ ਰੁਪਏ ਦੀ ਕੁਲੈਕਸ਼ਨ ਹੋਈ ਸੀ।
ਦੱਸ ਦੇਈਏ ਕਿ ਜੀ. ਐੱਸ. ਟੀ. ਦੀ ਕੁਲ ਕੁਲੈਕਸ਼ਨ ’ਚ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਦਰਾਮਦ-ਬਰਾਮਦ ’ਤੇ ਲੱਗਣ ਵਾਲੇ ਟੈਕਸ ਦਾ ਹਿੱਸਾ ਹੁੰਦਾ ਹੈ। ਉੱਥੇ ਹੀ ਸੈੱਸ ਨਾਲ ਵੀ ਸਰਕਾਰ ਜੀ. ਐੱਸ. ਟੀ. ਦੇ ਤਹਿਤ ਪੈਸੇ ਦੀ ਉਗਰਾਹੀ ਕਰਦੀ ਹੈ।
ਇਸ ਤਰ੍ਹਾਂ ਵਧ ਰਿਹਾ ਸਰਕਾਰੀ ਖਜ਼ਾਨਾ
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ (ਸੀ . ਬੀ. ਆਈ. ਸੀ.) ਦੇ ਚੇਅਰਮੈਨ ਸੰਜੇ ਕੁਮਾਰ ਅੱਗਰਵਾਲ ਨੇ ਕਿਹਾ ਸੀ ਕਿ ਬੀਤੇ ਵਿੱਤੀ ਸਾਲ 2023-24 ’ਚ ਇਨਡਾਇਰੈਕਟ ਟੈਕਸ ਕੁਲੈਕਸ਼ਨ ਸਰਕਾਰ ਦੇ 14.84 ਲੱਖ ਕਰੋਡ਼ ਰੁਪਏ ਦੇ ਸੋਧੇ ਅੰਦਾਜ਼ੇ (ਰਿਵਾਈਜ਼ਡ ਐਸਟੀਮੇਟ-ਆਰ. ਈ.) ਤੋਂ ਬਹੁਤ ਜ਼ਿਆਦਾ ਰਹੀ ਹੈ। ਉਨ੍ਹਾਂ ਰਿਜਨਲ ਟੈਕਸ ਆਫਿਸ਼ੀਅਲਸ ਨੂੰ ਪੱਤਰ ਲਿਖ ਕੇ 2023-24 ’ਚ ਹੋਈ ਰਿਕਾਰਡ ਜੀ. ਐੱਸ. ਟੀ. ਕੁਲੈਕਸ਼ਨ ਦਾ ਸਿਹਰਾ ਟੀਮ ਨੂੰ ਦਿੱਤਾ।
ਉਨ੍ਹਾਂ ਨੇ ਆਪਣੇ ਪੱਤਰ ’ਚ ਟੈਕਸ ਆਫਿਸ਼ੀਅਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਪਤੀ ਨਾ ਸਿਰਫ ਸਾਡੇ ਪ੍ਰੋਫੈਸ਼ਨਲਿਜ਼ਮ ਨੂੰ ਦਰਸਾਉਦੀਂ ਹੈ, ਸਗੋਂ ਸੀ. ਬੀ. ਆਈ. ਸੀ. ਕੰਮਿਊਨਿਟੀ ਦੇ ਅੰਦਰ ਟੀਮ ਵਰਕ ਅਤੇ ਮਜ਼ਬੂਤੀ ਦੀ ਤਾਕਤ ਨੂੰ ਵੀ ਉਭਾਰਦੀ ਹੈ।
ਪਿਛਲੇ ਸਾਲ ਹੋਈ ਸੀ ਰਿਕਾਰਡ ਕੁਲੈਕਸ਼ਨ
ਸੀ. ਬੀ. ਆਈ. ਸੀ. ਚੀਫ ਸੰਜੇ ਕੁਮਾਰ ਅੱਗਰਵਾਲ ਨੇ ਕਿਹਾ ਕਿ ਵਿੱਤੀ ਸਾਲ 2023-24 ਦੌਰਾਨ ਦੇਸ਼ ’ਚ ਜੀ. ਐੱਸ. ਟੀ. ਤੋਂ 20.18 ਲੱਖ ਕਰੋਡ਼ ਰੁਪਏ ਦੀ ਕੁੱਲ ਟੈਕਸ ਕੁਲੈਕਸ਼ਨ ਹੋਈ ਹੈ। ਇਹ ਇਸ ਤੋਂ ਪਿਛਲੇ ਵਿੱਤੀ ਸਾਲ 2022-23 ਦੀ ਟੈਕਸ ਕੁਲੈਕਸ਼ਨ ਨਾਲੋਂ 11.7 ਫ਼ੀਸਦੀ ਵੱਧ ਹੈ।
ਇਸ ਸਾਲ ਫਰਵਰੀ ’ਚ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ’ਚ ਸਰਕਾਰ ਨੇ ਵਿੱਤੀ ਸਾਲ 2023-24 ’ਚ ਡਾਇਰੈਕਟ ਟੈਕਸ ਕੁਲੈਕਸ਼ਨ ਦਾ ਟੀਚਾ ਵਧਾ ਕੇ 19.45 ਲੱਖ ਕਰੋਡ਼ ਰੁਪਏ ਕਰ ਦਿੱਤਾ ਸੀ, ਜਦਕਿ ਜੀ. ਐੱਸ. ਟੀ., ਕਸਟਮ ਡਿਊਟੀ ਅਤੇ ਐਕਸਾਈਜ਼ ਡਿਊਟੀ ਸਮੇਤ ਅਸਿੱਧੇ ਟੈਕਸਾਂ ਲਈ ਟੀਚਾ ਘਟਾ ਕੇ 14.84 ਲੱਖ ਕਰੋਡ਼ ਰੁਪਏ ਕਰ ਦਿੱਤਾ ਸੀ।
ਸੋਧੇ ਅੰਦਾਜ਼ਾ ਅਨੁਸਾਰ ਵਿੱਤੀ ਸਾਲ 2023-24 ’ਚ ਸਰਕਾਰ ਨੂੰ ਕੁੱਲ 34.37 ਲੱਖ ਕਰੋਡ਼ ਰੁਪਏ ਦੀ ਟੈਕਸ ਕੁਲੈਕਸ਼ਨ ਦੀ ਉਮੀਦ ਹੈ।