ਕੋਰੋਨਾ ਲਈ ਟੀਕਾ ਬਣਾਉਣ ਜਾ ਰਹੀ ਹੈ ਦਿੱਗਜ ਬ੍ਰਿਟਿਸ਼ ਕੰਪਨੀ GSK

02/03/2020 11:02:16 AM

ਲੰਡਨ—  ਚੀਨ 'ਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਾਇਰਸ ਨਾਲ ਜੰਗ ਲੜਨ ਲਈ ਬ੍ਰਿਟਿਸ਼ ਡਰੱਗ ਨਿਰਮਾਤਾ ਗਲੈਕਸੋ ਸਮਿਥ ਕਲਾਈਨ ਵੀ ਮੈਦਾਨ 'ਚ ਕੁੱਦ ਗਈ ਹੈ। ਗਲੈਕਸੋ ਸਮਿਥ ਕਲਾਈਨ ਤੇ ਸੀ. ਈ. ਪੀ. ਆਈ. ਨੇ ਮਿਲ ਕੇ ਇਸ ਦੀ ਵੈਕਸੀਨ ਬਣਾਉਣ ਦਾ ਮਹੱਤਵਪੂਰਨ ਫੈਸਲਾ ਕੀਤਾ ਹੈ।

ਗਲੈਕਸੋ ਸਮਿਥ ਕਲਾਈਨ ਵੱਲੋਂ ਇਸ ਲਈ ਆਪਣੀ ਤਕਨੀਕ ਉਪਲੱਬਧ ਕਰਵਾਈ ਜਾਵੇਗੀ। ਫਾਰਮਾਸਿਊਟੀਕਲ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਵਿਰੁੱਧ ਟੀਕੇ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਭਾਵੇਂ ਕਿ ਇਹ ਪ੍ਰਕੋਪ ਫੈਲਦਾ ਹੀ ਜਾ ਰਿਹਾ ਹੈ।

ਉੱਥੇ ਹੀ, ਇਸ ਤੋਂ ਇਲਾਵਾ ਬ੍ਰਿਟਿਸ਼ ਸਰਕਾਰ ਨੇ ਵੀ ਕੋਰੋਨਾ ਵਾਇਰਸ ਤੇ ਭਵਿੱਖ 'ਚ ਛੂਤ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਕਮਰ ਕੱਸ ਲਈ ਹੈ। ਯੂ. ਕੇ. ਵੱਲੋਂ ਇਸ ਨਾਲ ਸੰਬੰਧਤ ਵੈਕਸੀਨ ਵਿਕਸਤ ਕਰਨ 'ਚ ਮਦਦ ਕਰਨ ਲਈ 20 ਮਿਲੀਅਨ ਪੌਂਡ (26 ਮਿਲੀਅਨ ਡਾਲਰ) ਦੀ ਰਾਸ਼ੀ ਖਰਚ ਕੀਤੀ ਜਾਵੇਗੀ।
ਫਿਲਹਾਲ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਵੈਕਸੀਨ ਉਪਲੱਬਧ ਨਹੀਂ ਹੈ। ਨਾਰਵੇ ਦੀ ਜਨਤਕ-ਨਿੱਜੀ ਸੰਸਥਾ ਸੀ. ਈ. ਪੀ. ਆਈ. ਸਮੇਤ ਕਈ ਸੰਗਠਨ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਵਿਕਸਤ ਕਰਨ 'ਚ ਲੱਗੇ ਹੋਏ ਹਨ। ਹੁਣ ਇਸ 'ਚ ਗਲੈਕਸੋ ਸਮਿਥ ਕਲਾਈਨ (ਜੀ. ਐੱਸ. ਕੇ.) ਵੀ ਸ਼ਾਮਲ ਹੋ ਗਈ ਹੈ, ਯਾਨੀ ਕੋਰੋਨਾ ਵਾਇਰਸ ਦਾ ਟੀਕਾ ਵਿਕਸਤ ਕਰਨ ਦੇ ਯਤਨ 'ਚ ਜੀ. ਐੱਸ. ਕੇ. ਵੀ ਹੁਣ ਸੀ. ਈ. ਪੀ. ਆਈ. ਨਾਲ ਸਹਿਯੋਗ ਕਰੇਗੀ।


Related News