ਗ੍ਰੋਫਰਸ ਨੇ ਆਰਡਰ ਕੀਤੇ ਬੰਦ, ਬਿੱਗ ਬਾਸਕਟ ’ਚ ਸਿਰਫ ਮਿਲ ਰਿਹੈ ਦੁੱਧ
Thursday, Mar 26, 2020 - 02:19 AM (IST)

ਨਵੀਂ ਦਿੱਲੀ (ਇੰਟ.)-ਲਾਕਡਾਊਨ ਹੋਣ ਕਾਰਣ ਹਾਲਾਤ ਵਿਗੜ ਰਹੇ ਹਨ। ਲੋਕਾਂ ਨੂੰ ਜ਼ਰੂਰੀ ਸਾਮਾਨ ਲੱਭਣ ’ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਾਹਕਾਂ ਤੱਕ ਈ-ਕਾਮਰਸ ਗ੍ਰਾਸਰੀ ਐਪ ਜਿਵੇਂ ਕਿ ਗ੍ਰੋਫਰਸ, ਬਿੱਗ ਬਾਸਕਟ, ਦੂਧ ਵਾਲੇ ਡਾਟ ਕਾਮ ਆਦਿ ਜ਼ਰੀਏ ਖਾਣ-ਪੀਣ ਦੇ ਜ਼ਰੂਰੀ ਸਾਮਾਨ ਦੀ ਡਲਿਵਰੀ ਨਹੀਂ ਹੋ ਪਾ ਰਹੀ ਹੈ। ਬਿੱਗ ਬਾਸਕਟ, ਫਲਿਪਕਾਰਟ, ਅੈਮਾਜ਼ੋਨ ਆਦਿ ਨੇ ਗੈਰ-ਜ਼ਰੂਰੀ ਆਈਟਮਾਂ ਦੇ ਆਰਡਰ ਅਸਥਾਈ ਤੌਰ ’ਤੇ ਰੱਦ ਕਰ ਦਿੱਤੇ ਹਨ।
ਗ੍ਰੋਫਰਸ ਆਪਣੇ ਗਾਹਕਾਂ ਨੂੰ ਮੈਸੇਜ ਭੇਜ ਕੇ ਆਰਡਰ ’ਚ ਦੇਰੀ ਦੀ ਮੁਆਫੀ ਮੰਗ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਸ ਸੰਕਟ ਦੀ ਘੜੀ ’ਚ ਗ੍ਰਾਸਰੀ ਦੀ ਸਮੇਂ ’ਤੇ ਡਲਿਵਰੀ ਕਿੰਨੀ ਜ਼ਰੂਰੀ ਹੈ ਪਰ ਲਾਕਡਾਊਨ ਕਾਰਣ ਸਾਡਾ ਡਲਿਵਰੀ ਸਟਾਫ ਚੈੱਕ ਪੁਆਇੰਟਸ ’ਤੇ ਰੋਕ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸਥਾਨਕ ਅਥਾਰਟੀਜ਼ ਨੇ ਸਾਡੇ ਗੋਦਾਮ ਬੰਦ ਕਰ ਦਿੱਤੇ ਹਨ। ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਜ਼ਰੂਰੀ ਚੀਜ਼ਾਂ ਪਹੁੰਚਾਈਏ ਪਰ ਦੇਰੀ ਹੋ ਸਕਦੀ ਹੈ। ਜੇਕਰ ਇਸ ਦਰਮਿਆਨ ਤੁਸੀਂ ਕਿਤੋਂ ਹੋਰ ਗ੍ਰਾਸਰੀ ਦਾ ਇੰਤਜ਼ਾਮ ਕਰ ਲਿਆ ਹੈ ਤਾਂ ਸਾਨੂੰ ਦੱਸੋ ਅਤੇ ਆਰਡਰ ਕੈਂਸਲ ਕਰ ਦਿਓ ਤਾਂ ਕਿ ਉਸ ਸਲਾਟ ’ਚ ਹੋਰ ਲੋਕਾਂ ਨੂੰ ਮਦਦ ਮਿਲ ਸਕੇ।
ਇਸੇ ਤਰ੍ਹਾਂ ਬਿੱਗ ਬਾਸਕਟ ਸਿਰਫ ਦੁੱਧ ਦੀ ਡਲਿਵਰੀ ਕਰ ਰਿਹਾ ਹੈ, ਉਸ ’ਤੇ ਇਹ ਹੀ ਆਪਸ਼ਨ ਵਿਖਾਈ ਦੇ ਰਹੀ ਹੈ। ਸਵੇਰੇ 7 ਵਜੇ ਤੋਂ ਪਹਿਲਾਂ ਡਲਿਵਰੀ ਕੀਤੀ ਜਾਵੇਗੀ। ਦੁੱਧ, ਪਨੀਰ, ਦਹੀਂ, ਬਰੈੱਡ ਆਦਿ ਦੀ ਹੋਮ ਡਲਿਵਰੀ ਕਰਨ ਵਾਲਾ ਦੂਧ ਵਾਲੇ ਡਾਟ ਕਾਮ ਵੀ ਲੋਕਾਂ ਤੱਕ ਡਲਿਵਰੀ ਨਹੀਂ ਪੁੱਜ ਰਹੀ ਹੈ। ਉਹ ਗਾਹਕਾਂ ਨੂੰ ਮੈਸੇਜ ਕਰ ਕੇ ਆਰਡਰ ਰੱਦ ਦੀ ਸੂਚਨਾ ਦੇ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਣ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।