ਆਮ ਜਨਤਾ ਨੂੰ ਵੱਡੀ ਰਾਹਤ, ਰਸੋਈ ਗੈਸ ਹੋਈ ਸਸਤੀ

Thursday, Mar 01, 2018 - 01:21 PM (IST)

ਆਮ ਜਨਤਾ ਨੂੰ ਵੱਡੀ ਰਾਹਤ, ਰਸੋਈ ਗੈਸ ਹੋਈ ਸਸਤੀ

ਨਵੀਂ ਦਿੱਲੀ— ਨਵੰਬਰ 2017 ਤੋਂ ਬਾਅਦ ਰਸੋਈ ਗੈਸ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕੀਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 47 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਹਾਲਾਂਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਤੇ ਸਿਰਫ 2.54 ਰੁਪਏ ਦੀ ਰਾਹਤ ਦਿੱਤੀ ਗਈ ਹੈ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਅਤੇ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ 'ਚ ਕੀਤੀ ਗਈ ਕਟੌਤੀ 1 ਮਾਰਚ 2018 ਤੋਂ ਲਾਗੂ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹੁਣ 14.2 ਕਿਲੋਗ੍ਰਾਮ ਵਾਲੇ ਸਿਲੰਡਰ (ਗੈਰ ਸਬਸਿਡੀ) ਦੀ ਕੀਮਤ 689 ਰੁਪਏ ਹੋ ਗਈ ਹੈ, ਜੋ ਪਹਿਲਾਂ 736 ਰੁਪਏ ਸੀ।

ਉੱਥੇ ਹੀ, ਵਪਾਰਕ ਸਿਲੰਡਰ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ। 19 ਕਿਲੋਗ੍ਰਾਮ ਦੇ ਸਿਲੰਡਰ ਦੀਆਂ ਕੀਮਤਾਂ 'ਚ 78.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ 19 ਕਿਲੋਗ੍ਰਾਮ ਦਾ ਸਿਲੰਡਰ 1308.50 ਰੁਪਏ ਦੀ ਬਜਾਏ 1230 ਰੁਪਏ (ਦਿੱਲੀ 'ਚ) ਦਾ ਮਿਲੇਗਾ।
ਜ਼ਿਕਰਯੋਗ ਹੈ ਕਿ ਨਵੰਬਰ 2017 ਤੋਂ ਬਾਅਦ ਪਹਿਲੀ ਵਾਰ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਗਈ ਹੈ। 1 ਨਵੰਬਰ ਨੂੰ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 93 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਸੀ। ਉਸ ਤੋਂ ਬਾਅਦ ਦਸੰਬਰ 'ਚ 5 ਰੁਪਏ ਵਧਾਏ ਗਏ ਸਨ, ਜਦੋਂ ਕਿ ਜਨਵਰੀ 'ਚ 6 ਰੁਪਏ ਘਟਾਏ ਗਏ ਅਤੇ ਫਰਵਰੀ 'ਚ 5 ਰੁਪਏ ਦੀ ਕਟੌਤੀ ਗਈ ਸੀ। ਹੁਣ 1 ਮਾਰਚ 2018 ਨੂੰ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ 47 ਰੁਪਏ ਦੀ ਕਟੌਤੀ ਕਰਕੇ ਰਾਹਤ ਦਿੱਤੀ ਗਈ ਹੈ।


Related News