ਹੁਣ 5 ਨਹੀਂ ਇਕ ਸਾਲ 'ਚ ਮਿਲੇਗੀ ਗਰੈਚੁਟੀ, ਜਲਦ ਬਦਲਣ ਜਾ ਰਿਹੈ ਨਿਯਮ

10/29/2019 3:43:41 PM

ਨਵੀਂ ਦਿੱਲੀ—  ਜਲਦ ਹੀ ਕਿਸੇ ਕੰਪਨੀ 'ਚ ਇਕ ਸਾਲ ਨੌਕਰੀ ਕਰਨ 'ਤੇ ਵੀ ਗਰੈਚੁਟੀ ਮਿਲ ਸਕੇਗੀ। ਸਰਕਾਰ 'ਸੋਸ਼ਲ ਸਕਿਓਰਿਟੀ ਕੋਡ' 'ਚ ਸੋਧ ਕਰਨ ਦਾ ਵਿਚਾਰ ਕਰ ਰਹੀ ਹੈ, ਜਿਸ ਤਹਿਤ ਗਰੈਚੁਟੀ ਪਾਉਣ ਦੇ ਨਿਯਮਾਂ 'ਚ ਬਦਲਾਅ ਕੀਤਾ ਜਾ ਸਕਦਾ ਹੈ। ਮੌਜੂਦਾ ਨਿਯਮਾਂ ਮੁਤਾਬਕ, ਗਰੈਚੁਟੀ ਸਿਰਫ ਉਸੇ ਕਰਮਚਾਰੀ ਨੂੰ ਮਿਲਦੀ ਹੈ, ਜਿਸ ਨੇ ਲਗਾਤਾਰ ਪੰਜ ਸਾਲ ਕਿਸੇ ਕੰਪਨੀ 'ਚ ਨੌਕਰੀ ਕੀਤੀ ਹੋਵੇ।
 

ਸੂਤਰਾਂ ਮੁਤਾਬਕ, ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸਰਕਾਰ 'ਸੋਸ਼ਲ ਸਕਿਓਰਿਟੀ ਕੋਡ' ਨਾਲ ਜੁੜਿਆ ਬਿੱਲ ਪੇਸ਼ ਕਰਨ ਜਾ ਰਹੀ ਹੈ। ਬਿੱਲ ਪੇਸ਼ ਹੋਣ ਤੋਂ ਪਹਿਲਾਂ ਇਸ 'ਚ ਕਈ ਬਦਲਾਅ ਕੀਤੇ ਜਾ ਸਕਦੇ ਹਨ। ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਬਿੱਲ ਨੂੰ ਲੈ ਕੇ ਸੰਬੰਧਤ ਕਈ ਲੋਕਾਂ ਤੇ ਸੰਗਠਨਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੀ ਸਲਾਹ ਤੇ ਮੰਗ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

ਕੀ ਹੈ ਗਰੈਚੁਟੀ-
ਜੇਕਰ ਤੁਸੀਂ ਕਿਸੇ ਨਿੱਜੀ ਕੰਪਨੀ 'ਚ 5 ਸਾਲ ਤੋਂ ਜ਼ਿਆਦਾ ਸਮੇਂ ਤੱਕ ਨੌਕਰੀ ਕਰਦੇ ਹੋ ਤਾਂ ਤੁਹਾਡੀ ਕੰਪਨੀ ਤੁਹਾਨੂੰ ਇਸ ਸਰਵਿਸ ਦੇ ਬਦਲੇ ਗਰੈਚੁਟੀ ਦੇ ਰੂਪ 'ਚ ਇਕ ਰਕਮ ਦਿੰਦੀ ਹੈ। ਆਮ ਤੌਰ 'ਤੇ ਇਹ ਸੇਵਾਮੁਕਤੀ ਤੋਂ ਬਾਅਦ ਮਿਲਦੀ ਹੈ ਪਰ ਜੇਕਰ ਤੁਸੀਂ ਨੌਕਰੀ ਬਦਲ ਰਹੇ ਹੋ ਜਾਂ ਵਿਚਕਾਰ ਹੀ ਛੱਡ ਰਹੇ ਹੋ ਤਾਂ ਕੁਝ ਸ਼ਰਤਾਂ ਪੂਰੀਆਂ ਹੋਣ 'ਤੇ ਪਹਿਲਾਂ ਵੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਕੋਈ ਵੀ ਕਰਮਚਾਰੀ ਗਰੈਚੁਟੀ ਦੇ ਲਾਇਕ ਉਦੋਂ ਹੀ ਹੁੰਦਾ ਹੈ ਜਦੋਂ ਉਹ ਘੱਟੋ-ਘੱਟ ਪੰਜ ਸਾਲ ਲਗਾਤਾਰ ਇਕ ਹੀ ਕੰਪਨੀ 'ਚ ਨੌਕਰੀ ਕਰ ਚੁੱਕਿਆ ਹੋਵੇ।


Related News