ਕੇਂਦਰੀ ਕਰਮਚਾਰੀਆਂ ਲਈ ਘਰ ਖਰੀਦਣਾ ਹੋਵੇਗਾ ਆਸਾਨ
Friday, Nov 10, 2017 - 12:12 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਇਕ ਖੁਸ਼ਖਬਰੀ ਦਿੱਤੀ ਹੈ। ਹੁਣ ਕੇਂਦਰੀ ਕਰਮਚਾਰੀ ਨਵਾਂ ਘਰ ਬਣਾਉਣ ਜਾਂ ਖਰੀਦਣ ਲਈ 25 ਲੱਖ ਰੁਪਏ ਤਕ ਦੀ ਰਕਮ ਅਡਵਾਂਸ ਲੈ ਸਕਣਗੇ। ਸਰਕਾਰ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ, ਕੇਂਦਰ ਸਰਕਾਰ ਦੇ ਕਰਮਚਾਰੀ ਹੁਣ ਨਵਾਂ ਘਰ ਬਣਾਉਣ ਜਾਂ ਉਸ ਦੀ ਖਰੀਦ ਲਈ 8.50 ਫੀਸਦੀ ਦੇ ਸਾਧਾਰਣ ਵਿਆਜ 'ਤੇ 25 ਲੱਖ ਰੁਪਏ ਅਡਵਾਂਸ ਲੈ ਸਕਦੇ ਹਨ। ਇਸ ਤੋਂ ਪਹਿਲਾਂ ਇਹ ਲਿਮਟ 7.50 ਲੱਖ ਰੁਪਏ ਸੀ ਅਤੇ ਵਿਆਜ ਦੀ ਦਰ ਵੀ 6 ਫੀਸਦੀ ਤੋਂ 9.50 ਫੀਸਦੀ ਵਿਚਕਾਰ ਸੀ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ 20 ਸਾਲ ਲਈ 25 ਲੱਖ ਰੁਪਏ ਤਕ ਦਾ ਕਰਜ਼ਾ ਦੇਣ ਵਾਲੀਆਂ ਹੋਰ ਕੰਪਨੀਆਂ ਦੇ ਮੁਕਾਬਲੇ ਹਾਊਸਿੰਗ ਬਿਲਡਿੰਗ ਅਡਵਾਂਸ (ਐੱਚ. ਬੀ. ਏ.) ਦੀ ਸੁਵਿਧਾ ਦਾ ਫਾਇਦਾ ਚੁੱਕ ਕੇ ਤਕਰੀਬਨ 11 ਲੱਖ ਰੁਪਏ ਬਚਾਏ ਜਾ ਸਕਦੇ ਹਨ।
ਉਨ੍ਹਾਂ ਇਸ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਜੇਕਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵਰਗੇ ਬੈਂਕ ਤੋਂ 25 ਲੱਖ ਦਾ ਕਰਜ਼ਾ 20 ਸਾਲ ਲਈ 8.35 ਫੀਸਦੀ ਵਿਆਜ 'ਤੇ ਲਿਆ ਜਾਂਦਾ ਹੈ ਤਾਂ ਇਸ 'ਤੇ 21,459 ਰੁਪਏ ਮਹੀਨਾਵਰ ਕਿਸ਼ਤ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ 20 ਸਾਲ ਦੇ ਅਖੀਰ 'ਚ ਚੁਕਾਈ ਜਾਣ ਵਾਲੀ ਰਾਸ਼ੀ 51.50 ਲੱਖ ਰੁਪਏ ਹੋ ਜਾਂਦੀ ਹੈ, ਜਿਸ 'ਚ 26.50 ਲੱਖ ਦੀ ਰਕਮ ਵੀ ਸ਼ਾਮਲ ਹੈ। ਉੱਥੇ ਹੀ, ਜੇਕਰ ਇਹੀ ਕਰਜ਼ਾ ਐੱਚ. ਬੀ. ਏ. ਤੋਂ 20 ਸਾਲ ਲਈ 8.50 ਫੀਸਦੀ ਦੇ ਸਾਧਾਰਣ ਵਿਆਜ 'ਤੇ ਲਿਆ ਜਾਵੇ ਤਾਂ ਪਹਿਲੇ 15 ਸਾਲ ਲਈ ਮਹੀਨਾਵਰ ਕਿਸ਼ਤ 13,890 ਰੁਪਏ ਦੀ ਬਣਦੀ ਹੈ ਅਤੇ ਇਸ ਤੋਂ ਬਾਅਦ ਦੀ ਕਿਸ਼ਤ 26,411 ਰੁਪਏ ਪ੍ਰਤੀ ਮਹੀਨਾ। ਇਸ ਤਰ੍ਹਾਂ ਕੁੱਲ ਅਦਾ ਕੀਤੀ ਗਈ ਰਕਮ 40.84 ਲੱਖ ਰੁਪਏ ਹੋਵੇਗੀ, ਜਿਸ 'ਚ ਵਿਆਜ ਦੇ 15.84 ਲੱਖ ਰੁਪਏ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਖਾਸ ਗੱਲ ਇਹ ਹੈ ਕਿ ਜੇਕਰ ਕੋਈ ਪਤੀ-ਪਤਨੀ ਕੇਂਦਰ ਸਰਕਾਰ ਦੇ ਕਰਮਚਾਰੀ ਹਨ ਤਾਂ ਉਹ ਹੁਣ ਇਸ ਯੋਜਨਾ ਦਾ ਫਾਇਦਾ ਵੱਖ-ਵੱਖ ਅਤੇ ਇਕੱਠੇ ਵੀ ਉਠਾ ਸਕਦੇ ਹਨ। ਇਸ ਤੋਂ ਪਹਿਲਾਂ ਦੋਹਾਂ 'ਚੋਂ ਕੋਈ ਇਕ ਹੀ ਇਹ ਫਾਇਦਾ ਲੈ ਸਕਦਾ ਸੀ।
