ਨਵਾਂ ਨਿਯਮ, 12 ਘੰਟੇ ਦੀ ਸ਼ਿਫਟ 'ਚ 4 ਦਿਨ ਕੰਮ, ਤਿੰਨ ਦਿਨ ਦੀ ਮਿਲੇਗੀ ਛੁੱਟੀ

02/09/2021 11:44:32 AM

ਨਵੀਂ ਦਿੱਲੀ- ਸਰਕਾਰ ਨੌਕਰੀਪੇਸ਼ਾ ਲੋਕਾਂ ਨੂੰ ਜਲਦ ਹੀ ਖ਼ੁਸ਼ਖ਼ਬਰੀ ਦੇ ਸਕਦੀ ਹੈ। ਕੰਪਨੀਆਂ ਨੂੰ ਹਫ਼ਤੇ ਵਿਚ ਚਾਰ ਦਿਨ ਕੰਮ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਸ ਲਈ ਲੰਮੀ ਸ਼ਿਫਟ ਵਿਚ ਕੰਮ ਕਰਨਾ ਪੈ ਸਕਦਾ ਹੈ। ਇਹ ਵਿਵਸਥਾ ਲੇਬਰ ਕੋਡ ਦਾ ਹਿੱਸਾ ਹੋਵੇਗੀ।

ਕਿਰਤ ਸਕੱਤਰ ਅਪੂਰਵਾ ਚੰਦਰਾ ਅਨੁਸਾਰ ਹਫ਼ਤੇ ਵਿਚ 48 ਘੰਟੇ ਕੰਮ ਕਰਨ ਦਾ ਨਿਯਮ ਜਾਰੀ ਰਹੇਗਾ ਪਰ ਕੰਪਨੀਆਂ ਨੂੰ ਤਿੰਨ ਸ਼ਿਫਟਾਂ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਚੰਦਰਾ ਅਨੁਸਾਰ, 12 ਘੰਟੇ ਦੀ ਸ਼ਿਫਟ ਵਾਲਿਆਂ ਨੂੰ ਹਫ਼ਤੇ ਵਿਚ 4 ਦਿਨ ਕੰਮ ਕਰਨ ਦੀ ਛੋਟ ਦਿੱਤੀ ਜਾਏਗੀ। ਇਸੇ ਤਰ੍ਹਾਂ ਜਿਹੜੇ 10 ਘੰਟੇ ਦੀ ਸ਼ਿਫਟ ਵਿਚ ਕੰਮ ਕਰਨਗੇ ਉਨ੍ਹਾਂ ਨੂੰ 5 ਦਿਨ ਅਤੇ 8 ਘੰਟੇ ਦੀ ਸ਼ਿਫਟ ਵਾਲਿਆਂ ਨੂੰ ਹਫ਼ਤੇ ਵਿਚ 6 ਦਿਨ ਕੰਮ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਤਿੰਨਾਂ ਸ਼ਿਫਟ ਨੂੰ ਲੈ ਕੇ ਕਰਮਚਾਰੀਆਂ ਜਾਂ ਕੰਪਨੀਆਂ 'ਤੇ ਕੋਈ ਦਬਾਅ ਨਹੀਂ ਪਾਇਆ ਜਾਵੇਗਾ। ਚੰਦਰਾ ਦਾ ਕਹਿਣਾ ਹੈ ਕਿ ਜੇਕਰ ਕੰਪਨੀਆਂ 4 ਦਿਨ ਕੰਮ ਦਾ ਹਫ਼ਤਾ ਚੁਣਦੀਆਂ ਹਨ ਤਾਂ ਕਰਮਚਾਰੀਆਂ ਨੂੰ 3 ਦਿਨ ਛੁੱਟੀ ਦੇਣੀ ਹੋਵੇਗੀ। 5 ਦਿਨ ਕੰਮ ਦਾ ਹਫ਼ਤਾ ਚੁਣਨ 'ਤੇ 2 ਦਿਨ ਦੀ ਛੁੱਟੀ ਦੇਣੀ ਹੋਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਨਵਾਂ ਲੇਬਰ ਕੋਡ ਲਾਗੂ ਹੋਣ ਤੋਂ ਬਾਅਦ ਕੰਪਨੀਆਂ ਕੋਲ 8 ਤੋਂ 12 ਘੰਟੇ ਦਾ ਕੰਮਕਾਜੀ ਦਿਨ ਚੁਣਨ ਦੀ ਆਜ਼ਾਦੀ ਹੋਵੇਗੀ। ਕੰਪਨੀਆਂ ਮੰਗ, ਇੰਡਸਟਰੀ ਅਤੇ ਲੋਕੇਸ਼ਨ ਦੇ ਲਿਹਾਜ ਨਾਲ ਕੰਮਕਾਜੀ ਦਿਨ ਚੁਣ ਸਕਣਗੀਆਂ।

ਇਹ ਵੀ ਪੜ੍ਹੋਪੰਜਾਬ 'ਚ ਪੈਟਰੋਲ ਦਾ ਮੁੱਲ 88 ਰੁ: ਤੋਂ ਪਾਰ, ਡੀਜ਼ਲ 80 ਰੁ: ਦੇ ਨਜ਼ਦੀਕ ਪੁੱਜਾ

ਰੁਜ਼ਗਾਰ ਦੇ ਮੌਕਿਆਂ 'ਚ ਕਮੀ ਦੀ ਸੰਭਾਵਨਾ
ਹਾਲਾਂਕਿ, ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਕ ਦਿਨ ਵਿਚ 12 ਘੰਟੇ ਦੀ ਸ਼ਿਫਟ ਨਾਲ 24 ਘੰਟੇ ਚੱਲਣ ਵਾਲੀਆਂ ਕੰਪਨੀਆਂ ਵਿਚ 1 ਦਿਨ ਵਿਚ ਦੋ ਸ਼ਿਫਟਾਂ ਚੱਲ ਸਕਣਗੀਆਂ। ਇਸ ਨਾਲ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ ਲੰਮੀ ਸ਼ਿਫਟ ਕਾਰਨ ਕਰਮਚਾਰੀਆਂ ਦਾ ਕੰਮ ਅਤੇ ਜ਼ਿੰਦਗੀ ਦਾ ਸੰਤੁਲਨ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਕਰਮਚਾਰੀ ਲੰਮਾ ਸਫ਼ਰ ਤੈਅ ਕਰਕੇ ਕੰਮਾਂ 'ਤੇ ਆਉਂਦੇ ਹਨ।

ਨਵੇਂ ਪ੍ਰਸਤਾਵਿਤ ਨਿਯਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ


Sanjeev

Content Editor

Related News