ਚੀਨ ਨੂੰ ਲੱਗੇਗਾ ਝਟਕਾ, ਬਲੈਕਲਿਸਟ ਹੋ ਸਕਦੇ ਹਨ ਕਈ ਟੈਲੀਕਾਮ ਵਿਕਰੇਤਾ
Wednesday, Dec 16, 2020 - 08:49 PM (IST)
ਨਵੀਂ ਦਿੱਲੀ— ਸਰਕਾਰ ਚੀਨ ਨਾਲ ਤਣਾਅ ਵਿਚਕਾਰ ਰਾਸ਼ਟਰੀ ਸੁਰੱਖਿਆ ਲਈ ਕੁਝ ਟੈਲੀਕਾਮ ਵਿਕਰੇਤਾਵਾਂ ਨੂੰ ਬਲੈਕਲਿਸਟ ਕਰ ਸਕਦੀ ਹੈ। ਬੁੱਧਵਾਰ ਸਰਕਾਰ ਨੂੰ ਕਿਹਾ ਕਿ ਭਰੋਸੇਮੰਦ ਪ੍ਰਦਾਤਾਵਾਂ ਦੀ ਇਕ ਸੂਚੀ ਬਣਾਈ ਜਾਵੇਗੀ ਜਿਨ੍ਹਾਂ ਕੋਲੋਂ ਸਾਜੋ-ਸਾਮਾਨ ਖ਼ਰੀਦਿਆ ਜਾ ਸਕੇਗਾ।
ਸਰਕਾਰ ਦਾ ਇਹ ਕਦਮ ਚੀਨ ਲਈ ਵੱਡਾ ਝਟਕਾ ਹੋ ਸਕਦਾ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੰਤਰੀ ਮੰਡਲ ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਬੜ੍ਹਾਵਾ ਦੇਣ ਲਈ ਭਰੋਸੇਮੰਦ ਟੈਲੀਕਾਮ ਵਿਕਰੇਤਾਵਾਂ ਦੀ ਸੂਚੀ ਬਣਾਈ ਜਾਵੇਗੀ ਅਤੇ ਇਸੇ ਮਾਧਿਅਮ ਜ਼ਰੀਏ ਸਾਜੋ-ਸਾਮਾਨਾਂ ਦੀ ਖ਼ਰੀਦ ਦੀ ਇਕ ਸਪਲਾਈ ਚੇਨ ਬਣਾਈ ਜਾਏਗੀ।
ਹਾਲਾਂਕਿ, ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਫ਼ੈਸਲਾ ਚੀਨ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਹੈ ਜਾਂ ਨਹੀਂ।
ਗੌਰਤਲਬ ਹੈ ਕਿ ਸਰਕਾਰ ਦਾ ਇਹ ਫ਼ੈਸਲਾ ਚੀਨ ਨਾਲ ਸਰੱਹਦੀ ਵਿਵਾਦ ਵਿਚਕਾਰ ਆਇਆ ਹੈ ਅਤੇ ਹਾਲ ਹੀ 'ਚ ਕੁਝ ਦਿਨਾਂ ਪਹਿਲਾਂ ਸਰਕਾਰ ਨੇ 43 ਚਾਈਨਿਜ਼ ਐਪ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਜੂਨ 'ਚ ਸਰਕਾਰ ਨੇ ਟਿਕਟਾਕ, ਯੂ. ਸੀ. ਬ੍ਰਾਊਜ਼ਰ ਸਣੇ 59 ਐਪਸ ਨੂੰ ਬੈਨ ਕਰ ਦਿੱਤਾ ਸੀ। ਸਤੰਬਰ 'ਚ ਪਬਜੀ ਸਣੇ 118 ਐਪਸ 'ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਜੇਕਰ ਭਵਿੱਖ 'ਚ ਟੈਲੀਕਾਮ ਸਾਜੋ-ਸਾਮਾਨ ਵਿਕਰੇਤਾ ਬੈਨ ਹੋਣਗੇ ਤਾਂ ਚੀਨ ਨੂੰ ਇਕ ਹੋਰ ਝਟਕਾ ਲੱਗ ਸਕਦਾ ਹੈ।