BPCL ਹੋਵੇਗੀ ਪ੍ਰਾਈਵੇਟ, ਸਰਕਾਰ ਨੇ ਆਨਲਾਈਨ ਬੋਲੀ ਦੀ ਦਿੱਤੀ ਹਰੀ ਝੰਡੀ
Friday, Nov 06, 2020 - 10:53 PM (IST)
ਨਵੀਂ ਦਿੱਲੀ— ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਲਈ ਹੁਣ ਬੋਲੀਦਾਤਾ ਇਲੈਕਟ੍ਰਾਨਿਕ ਤਰੀਕੇ ਨਾਲ ਈ-ਮੇਲ ਜ਼ਰੀਏ ਸ਼ੁਰੂਆਤੀ ਬੋਲੀ ਲਾ ਸਕਣਗੇ। ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜਾਰੀ ਪਾਬੰਦੀਆਂ ਨੂੰ ਵੇਖਦੇ ਹੋਏ ਇਹ ਮਨਜ਼ੂਰੀ ਦਿੱਤੀ ਗਈ ਹੈ। ਨਿਵੇਸ਼ ਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਨੇ ਆਪਣੀ ਵੈੱਬਸਾਈਟ 'ਤੇ ਜਾਰੀ ਨੋਟਿਸ 'ਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਈ-ਮੇਲ ਜ਼ਰੀਏ ਇਲੈਕਟ੍ਰਾਨਿਕ ਤਰੀਕੇ ਨਾਲ ਬੋਲੀਦਾਤਾ ਸਾਰੇ ਦਸਤਾਵੇਜ਼ਾਂ ਨਾਲ ਨਿਰਧਾਰਤ ਸਮੇਂ ਤੱਕ ਆਪਣੀ ਸ਼ੁਰੂਆਤੀ ਬੋਲੀ ਭੇਜ ਸਕਦੇ ਹਨ।
ਸਰਕਾਰ ਨੇ ਸਤੰਬਰ 'ਚ ਦੇਸ਼ ਦੀ ਇਸ ਦੂਜੀ ਵੱਡੀ ਰਿਫਾਇਨਰੀ ਕੰਪਨੀ ਬੀ. ਪੀ. ਸੀ. ਐੱਲ. ਦੇ ਨਿੱਜੀਕਰਨ ਲਈ ਬੋਲੀ ਲਾਉਣ ਦੀ ਸਮਾਂ-ਸੀਮਾ ਨੂੰ ਡੇਢ ਮਹੀਨੇ ਵਧਾ ਕੇ 16 ਨਵੰਬਰ 2020 ਤੱਕ ਕਰ ਦਿੱਤਾ ਸੀ। ਸਰਕਾਰ ਨੇ ਪਿਛਲੇ ਸਾਲ ਨਵੰਬਰ 'ਚ ਮੰਤਰੀ ਮੰਡਲ ਦੀ ਬੈਠਕ 'ਚ ਬੀ. ਪੀ. ਸੀ. ਐੱਲ. 'ਚ ਸਰਕਾਰ ਦੀ ਪੂਰੀ 52.98 ਫੀਸਦੀ ਹਿੱਸੇਦਾਰੀ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਸੀ। ਇਸ ਦੇ ਨਾਲ ਹੀ 7 ਮਾਰਚ 2020 ਤੱਕ ਬੋਲੀਆਂ ਦੀ ਮੰਗ ਕੀਤੀ ਗਈ ਸੀ। ਪਹਿਲੀ ਵਾਰ ਇਸ ਲਈ ਰੁਚੀ ਪੱਤਰ ਸੌਂਪਣ ਦੀ ਸਮਾਂ-ਸੀਮਾ ਦੋ ਮਈ ਸੀ, ਜਿਸ ਨੂੰ ਪਹਿਲੀ ਵਾਰ ਅੱਗੇ ਵਧਾ ਕੇ 13 ਜੂਨ, ਫਿਰ 31 ਜੁਲਾਈ ਅਤੇ ਬਾਅਦ 'ਚ 30 ਸਤੰਬਰ 2020 ਤੱਕ ਕਰ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਸਰਕਾਰ 2.1 ਲੱਖ ਕਰੋੜ ਰੁਪਏ ਦੇ ਵਿਨਿਵੇਸ਼ ਟੀਚੇ ਨੂੰ ਪੂਰਾ ਕਰਨ ਲਈ 31 ਮਾਰਚ 2021 ਤੋਂ ਪਹਿਲਾਂ ਵਿਕਰੀ ਨੂੰ ਪੂਰਾ ਕਰਨਾ ਚਾਹੁੰਦੀ ਹੈ।