ਅਮੋਨੀਅਮ ਨਾਈਟ੍ਰੇਟ ’ਤੇ ਐਂਟੀ ਡੰਪਿੰਗ ਡਿਊਟੀ ਦੀ ਮਿਆਦ ਨਹੀਂ ਵਧਾਏਗੀ ਸਰਕਾਰ
Friday, Sep 02, 2022 - 10:38 AM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਰੂਸ, ਈਰਾਨ ਅਤੇ ਜਾਰਜੀਆ ਤੋਂ ਦਰਾਮਦ ਹੋਣ ਵਾਲੇ ਅਮੋਨੀਅਮ ਨਾਈਟ੍ਰੇਟ ’ਤੇ ਲਗਾਈ ਗਈ ਐਂਟੀ ਡੰਪਿੰਗ ਡਿਊਟੀ ਦੀ ਮਿਆਦ ਨਾ ਵਧਾਏ ਜਾਣ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰਾਲਾ ਨੇ ਇਸ ਸਬੰਧ ’ਚ ਡਾਇਰੈਕਟੋਰੇਟ ਜਨਰਲ ਆਫ ਟ੍ਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਦੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਹੈ। ਵਪਾਰ ਮੰਤਰਾਲਾ ਦੀ ਜਾਂਚ ਇਕਾਈ ਡੀ. ਜੀ. ਟੀ. ਆਰ. ਨੇ ਘਰੇਲੂ ਉਦਯੋਗ ਦੀ ਸ਼ਿਕਾਇਤ ਤੋਂ ਬਾਅਦ ਇਨ੍ਹਾਂ ਦੇਸ਼ਾਂ ਤੋਂ ਦਰਾਮਦ ਹੋਣ ਵਾਲੇ ਇਸ ਉਤਪਾਦ ’ਤੇ ਲਗਾਤਾਰ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਲੋੜ ਦੀ ਸਮੀਖਿਆ ਲਈ ਜਾਂਚ ਕੀਤੀ ਸੀ। ਡਾਇਰੈਕਟੋਰੇਟ ਨੇ ਜੂਨ ’ਚ ਦੋ ਹੋਰ ਸਾਲਾਂ ਲਈ ਅਮੋਨੀਅਮ ਨਾਈਟ੍ਰੇਟ ਦੀ ਦਰਾਮਦ ’ਤੇ ਐਂਟੀ ਡੰਪਿੰਗ ਡਿਊਟੀ ਨੂੰ ਵਧਾਏ ਜਾਣ ਦੀ ਸਿਫਾਰਿਸ਼ ਕੀਤੀ ਸੀ।
ਮਾਲੀਆ ਵਿਭਾਗ ਨੇ ਇਕ ਦਫਤਰੀ ਮੰਗ ਪੱਤਰ ’ਚ ਕਿਹਾ ਕਿ ਕੇਂਦਰ ਸਰਕਾਰ ਨੇ ਡੀ. ਜੀ. ਟੀ. ਆਰ. ਦੇ ਅੰਤਿਮ ਨਤੀਜਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਸਿਫਾਰਿਸ਼ਾਂ ਨੂੰ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਮਾਰਟਕੇਮ ਤਕਨਾਲੋਜੀ ਲਿਮਟਿਡ ਨੇ ਇਸ ਸਬੰਧ ’ਚ ਸਮੀਖਿਆ ਜਾਂਚ ਸ਼ੁਰੂ ਕਰਨ ਲਈ ਡੀ. ਜੀ. ਟੀ. ਆਰ. ਦੇ ਸਾਹਮਣੇ ਅਰਜ਼ੀ ਦਾਖਲ ਕੀਤੀ ਸੀ। ਇਸ ਅਰਜ਼ੀ ’ਚ ਰੂਸ, ਜਾਰਜੀਆ ਅਤੇ ਇਰਾਨ ਤੋਂ ਪੈਦਾ ਹੋਣ ਵਾਲੇ ਜਾਂ ਭੇਜੇ ਜਾਣ ਵਾਲੇ ਅਮੋਨੀਅਮ ਨਾਈਟ੍ਰੇਟ ਦੀ ਦਰਾਮਦ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।