ਟਮਾਟਰ ਮਹਿੰਗਾਈ ਨੂੰ ਲੈ ਕੇ ਸਰਕਾਰ ਨੇ ਕੀਤਾ ਸਖਤ ਐਕਸ਼ਨ, ਆਮ ਆਦਮੀ ਨੂੰ ਰਾਹਤ ਦੀ ਉਮੀਦ
Saturday, Nov 23, 2024 - 05:31 AM (IST)
ਨਵੀਂ ਦਿੱਲੀ, (ਭਾਸ਼ਾ)– ਟਮਾਟਰ ਦੀਆਂ ਪ੍ਰਚੂਨ ਕੀਮਤਾਂ ਹੁਣ ਕਾਫੀ ਹੱਦ ਤੱਕ ਕਾਬੂ ’ਚ ਆ ਚੁੱਕੀਆਂ ਹਨ। ਖੁਦਰਾ ਬਾਜ਼ਾਰ ’ਚ ਟਮਾਟਰ ਦੀ ਕੀਮਤ 25 ਤੋਂ 50 ਰੁਪਏ ਦੇ ਵਿਚਾਲੇ ਚੱਲ ਰਹੀ ਹੈ। ਇਸ ਦੌਰਾਨ ਸਰਕਾਰ ਨੇ ਟਮਾਟਰ ਦੀਆਂ ਕੀਮਤਾਂ ’ਚ ਤੇਜ਼ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਸਖਤ ਐਕਸ਼ਨ ਲਿਆ ਹੈ। ਇਸ ਨਾਲ ਆਮ ਆਦਮੀ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਸਰਕਾਰ ਨੇ ਟਮਾਟਰ ਦੀ ਸਪਲਾਈ ਚੇਨ ਅਤੇ ਪ੍ਰੋਸੈਸਿੰਗ ਲੈਵਲ ’ਚ ਸੁਧਾਰ ਲਈ ਆਯੋਜਿਤ ‘ਹੈਕਾਥਾਨ’ ਦੇ ਤਹਿਤ ਟਮਾਟਰ ਤੋਂ ਵਾਈਨ ਬਣਾਉਣ ਸਮੇਤ 28 ਨਵੇਂ ਵਿਚਾਰਾਂ ਦੀ ਚੋਣ ਅਤੇ ਫਾਇਨਾਂਸ ਕੀਤਾ ਹੈ। ਇਸ ਫਾਇਨਾਂਸਿੰਗ ਨਾਲ ਇਨ੍ਹਾਂ ਸਟਾਰਟਅੱਪ ਨੂੰ ਆਪਣਾ ਕਾਰੋਬਾਰ ਵਧਾਉਣ ’ਚ ਮਦਦ ਮਿਲੇਗੀ।
ਪਿਛਲੇ ਸਾਲ ਜੂਨ ’ਚ ਸ਼ੁਰੂ ਕੀਤਾ ਗਿਆ ਸੀ ‘ਟਮਾਟਰ ਗ੍ਰੈਂਡ ਚੈਲੰਜ ਹੈਕਾਥਾਨ’
ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਟਮਾਟਰ ਮੁੱਲ ਲੜੀ ਦੇ ਵੱਖ-ਵੱਖ ਪੱਧਰਾਂ ’ਤੇ ਨਵੇਂ ਵਿਚਾਰਾਂ ਨੂੰ ਸੱਦਣ ਲਈ ਪਿਛਲੇ ਸਾਲ ਜੂਨ ’ਚ ‘ਟਮਾਟਰ ਗ੍ਰੈਂਡ ਚੈਲੰਜ (ਟੀ. ਜੀ. ਸੀ.) ਹੈਕਾਥਾਨ’ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਪਹਿਲ ਦਾ ਮਕਸਦ ਖਪਤਕਾਰਾਂ ਨੂੰ ਕਿਫਾਇਤੀ ਕੀਮਤਾਂ ’ਤੇ ਟਮਾਟਰ ਦੀ ਉਪਲਬਧਤਾ ਯਕੀਨੀ ਕਰਨਾ ਅਤੇ ਟਮਾਟਰ ਕਿਸਾਨਾਂ ਨੂੰ ਪੈਦਾਵਾਰ ਦਾ ਸਹੀ ਮੁੱਲ ਦਿਵਾਉਣਾ ਸੀ।
ਟੀ. ਜੀ. ਸੀ. ਨੂੰ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਸਿੱਖਿਆ ਮੰਤਰਾਲਾ (ਨਵੀਨਤਾ ਸੈੱਲ) ਦੇ ਸਹਿਯੋਗ ਨਾਲ ਤਿਆਰ ਕੀਤਾ ਸੀ। ਖਰੇ ਨੇ ਕਿਹਾ,‘ਟਮਾਟਰ ਦੀਆਂ ਕੀਮਤਾਂ ’ਚ ਬਹੁਤ ਉਤਰਾਅ-ਚੜ੍ਹਾਅ ਆਉਂਦਾ ਹੈ। ਜ਼ਿਆਦਾ ਮੀਂਹ, ਗਰਮੀ ਅਤੇ ਕੀਟਾਂ ਦੇ ਹਮਲਿਆਂ ਕਾਰਨ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੁੰਦਾ ਹੈ।’
ਸਾਲ ’ਚ ਘੱਟ ਤੋਂ ਘੱਟ 2-3 ਵਾਰ ਕੀਮਤਾਂ ’ਚ ਹੁੰਦਾ ਹੈ 100 ਫੀਸਦੀ ਤੱਕ ਦਾ ਵਾਧਾ
ਨਿਧੀ ਖਰੇ ਨੇ ਕਿਹਾ ਕਿ ਸਾਲ ’ਚ ਘੱਟੋ-ਘੱਟ 2-3 ਵਾਰ ਅਚਾਨਕ ਕੀਮਤਾਂ ’ਚ 100 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ। ਕਦੀ-ਕਦੀ ਕੀਮਤਾਂ ’ਚ ਭਾਰੀ ਗਿਰਾਵਟ ਆਉਂਦੀ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ। ਖਰੇ ਨੇ ਕਿਹਾ ਕਿ ਸਪਲਾਈ ਚੇਨ ਨੂੰ ਮਜ਼ਬੂਤ ਕਰਨ, ਕਟਾਈ ਤੋਂ ਪਹਿਲਾਂ ਅਤੇ ਬਾਅਦ ’ਚ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਤੇ ਪ੍ਰੋਸੈਸਿੰਗ ਲੈਵਲ ਨੂੰ ਵਧਾਉਣ ਦੀ ਲੋੜ ਹੈ ਤਾਂ ਜੋ ਕੀਮਤਾਂ ’ਚ ਸਥਿਰਤਾ ਲਿਆਈ ਜਾ ਸਕੇ। ਭਾਰਤ ’ਚ ਸਾਲਾਨਾ 2 ਕਰੋੜ ਟਨ ਟਮਾਟਰ ਦਾ ਉਤਪਾਦਨ ਹੁੰਦਾ ਹੈ।
ਖਰੇ ਨੇ ਕਿਹਾ,‘ਸਾਨੂੰ 1376 ਵਿਚਾਰ ਮਿਲੇ ਅਤੇ ਉਨ੍ਹਾਂ ’ਚੋਂ 423 ਨੂੰ ਪਹਿਲੇ ਪੜਾਅ ’ਚ ਚੁਣਿਆ ਗਿਆ ਅਤੇ ਅਖੀਰ ’ਚ 28 ਿਵਚਾਰਾਂ ਨੂੰ ਫਾਇਨਾਂਸ ਕੀਤਾ ਗਿਆ।’