''ਸਰਕਾਰ ਦੇ ਕਣਕ ਵੇਚਣ ਨਾਲ ਆਟੇ ਦੀਆਂ ਕੀਮਤਾਂ ''ਚ 5-6 ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ ਗਿਰਾਵਟ''

Friday, Jan 27, 2023 - 01:04 PM (IST)

ਨਵੀਂ ਦਿੱਲੀ- ਆਟਾ ਮਿੱਲਾਂ ਦੇ ਸਾਬਕਾ ਸੰਗਠਨ ਨੇ 30 ਲੱਖ ਟਨ ਕਣਕ ਨੂੰ ਖੁੱਲ੍ਹੇ ਬਾਜ਼ਾਰ 'ਚ ਵੇਚਣ ਦੇ ਸਰਕਾਰ ਦੇ ਫ਼ੈਸਲੇ ਦੀ ਪ੍ਰਸ਼ੰਸਾਂ ਕਰਦੇ ਹੋਏ ਕਿਹਾ ਕਿ ਇਸ ਨਾਲ ਕਣਕ ਅਤੇ ਕਣਕ ਦੇ ਆਟੇ ਦੀਆਂ ਕੀਮਤਾਂ 'ਚ ਪੰਜ ਤੋਂ ਛੇ ਰੁਪਏ ਪ੍ਰਤੀ ਕਿਲੋਗ੍ਰਾਮ ਤਕ ਦੀ ਗਿਰਾਵਟ ਆਵੇਗੀ। ਕਣਕ ਅਤੇ ਕਣਕ ਦੇ ਆਟੇ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਬਫਰ ਭੰਡਾਰ ਤੋਂ 30 ਲੱਖ ਟਨ ਕਣਕ ਨੂੰ ਖੁੱਲ੍ਹੇ ਬਾਜ਼ਾਰ 'ਚ ਵੇਚਣ ਦੀ ਘੋਸ਼ਣਾ ਕੀਤੀ ਸੀ। 
ਭੰਡਾਰਨ ਨੂੰ ਸਰਕਾਰੀ ਭਾਰਤੀ ਖਾਧ ਨਿਗਮ (ਐੱਫ.ਸੀ.ਆਈ) ਵਲੋਂ ਅਗਲੇ ਦੋ ਮਹੀਨਿਆਂ 'ਚ ਵੱਖ-ਵੱਖ ਮਾਧਿਅਮਾਂ ਨਾਲ ਵੇਚਿਆ ਜਾਵੇਗਾ। ਜਿਥੇ ਕਣਕ ਆਟਾ ਮਿੱਲ ਮਾਲਕਾਂ ਵਰਗੇ ਥੋਕ ਵਪਾਰੀਆਂ ਨੂੰ ਈ-ਨਿਲਾਮੀ ਦੇ ਮਾਧਿਅਮ ਨਾਲ ਵੇਚਿਆ ਜਾਵੇਗਾ, ਇਸ ਦੇ ਨਾਲ ਹੀ ਕਣਕ ਪੀਸ ਕੇ ਆਟਾ ਬਣਾਉਣ ਅਤੇ ਉਸ ਨੂੰ ਜਨਤਾ ਤਕ 29.50 ਰੁਪਏ ਦੇ ਅਧਿਕਤਮ ਖੁਦਰਾ ਮੁੱਲ (ਐੱਮ.ਆਰ.ਪੀ.) 'ਚ ਪਹੁੰਚਾਉਣ ਲਈ ਐੱਫ.ਸੀ.ਆਈ ਕਣਕ ਨੂੰ ਜਨਤਕ ਖੇਤਰ ਦੀਆਂ ਇਕਾਈਆਂ/ਸਹਿਕਾਰਿਤਾ/ਸੰਘ, ਕੇਂਦਰੀ ਭੰਡਾਰ/ਐੱਨ.ਸੀ.ਸੀ.ਐੱਫ./ਨੇਫੇਡ ਨੂੰ 23.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵੇਚੇਗਾ।
ਰੋਲਰ ਫਲੋਰ ਮਿਲਰਸ ਫੇਡਰੇਸ਼ਨ ਆਫ ਇੰਡੀਆ (ਆਰ.ਐੱਫ.ਐੱਮ.ਐੱਫ.ਆਈ.) ਦੇ ਪ੍ਰਮੋਦ ਕੁਮਾਰ ਨੇ ਕਿਹਾ ਕਿ ਅਸੀਂ ਸਰਕਾਰ ਦੇ ਕਦਮ ਦਾ ਸਵਾਗਤ ਕਰਦੇ ਹਾਂ। ਇਹ ਫ਼ੈਸਲਾ ਇਕ ਮਹੀਨੇ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਇਹ ਸਹੀ ਕਦਮ ਹੈ। ਥੋਕ ਅਤੇ ਖੁਦਰਾ ਕੀਮਤਾਂ ਜਲਦ ਹੀ ਪੰਜ ਛੇ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਘੱਟ ਹੋ ਜਾਣਗੀਆਂ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪ੍ਰਮੁੱਖ ਸ਼ਹਿਰਾਂ 'ਚ ਕਣਕ ਦੀ ਔਸਤ ਕੀਮਤ ਬੁੱਧਵਾਰ ਨੂੰ 33.43 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜਦੋਂਕਿ ਪਿਛਲੇ ਸਾਲ ਇਸ ਸਮੇਂ 28.24 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕਣਕ ਦੇ ਆਟੇ ਦੀਆਂ ਔਸਤ ਕੀਮਤਾਂ 37.95 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀਆਂ ਗਈਆਂ, ਜੋ ਪਿਛਲੇ ਸਾਲ ਇਸ ਸਮੇਂ 31.41 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 


Aarti dhillon

Content Editor

Related News