ਸਰਕਾਰ ਨੇ ਦਿੱਤੀ ਰਾਹਤ, ਹੁਣ ਤੁਹਾਡਾ ਘੁੰਮਣਾ ਹੋਵੇਗਾ ਸਸਤਾ!

Monday, Jun 19, 2017 - 01:24 PM (IST)

ਨਵੀਂ ਦਿੱਲੀ— ਜੀ. ਐੱਸ. ਟੀ. ਪ੍ਰੀਸ਼ਦ ਨੇ ਹੋਟਲ ਉਦਯੋਗ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 7500 ਰੁਪਏ ਤਕ ਦੇ ਕਿਰਾਏ ਵਾਲੇ ਕਮਰੇ 'ਤੇ 18 ਫੀਸਦੀ ਟੈਕਸ ਲੱਗੇਗਾ, ਜੋ ਕਿ ਪਹਿਲਾਂ 28 ਫੀਸਦੀ ਰੱਖਿਆ ਗਿਆ ਸੀ। ਅਜਿਹੇ 'ਚ ਤੁਹਾਡੇ ਰੁਕਣ 'ਤੇ ਜੋ ਖਰਚਾ ਜ਼ਿਆਦਾ ਵਧ ਜਾਣਾ ਸੀ, ਉਸ 'ਤੇ ਵੱਡੀ ਰਾਹਤ ਮਿਲੀ ਹੈ। ਹੁਣ ਤੁਸੀਂ ਘੁੰਮਣ ਗਏ 7500 ਰੁਪਏ ਤਕ ਦੇ ਕਿਰਾਏ ਵਾਲੇ ਹੋਟਲਾਂ 'ਚ ਆਸਾਨੀ ਨਾਲ ਰੁਕ ਸਕੋਗੇ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਲਗਾਏ ਟੈਕਸ ਨਾਲ ਪਹਿਲਾਂ ਨਾਲੋਂ ਥੋੜ੍ਹਾ ਤੁਹਾਡਾ ਖਰਚ ਵਧ ਜਾਵੇਗਾ। 
ਇਸ ਤੋਂ ਇਲਾਵਾ ਪ੍ਰੀਸ਼ਦ ਨੇ ਲਾਟਰੀ 'ਤੇ ਟੈਕਸ ਦੀਆਂ ਦੋ ਸ਼੍ਰੇਣੀਆਂ ਰੱਖਣ ਦਾ ਫੈਸਲਾ ਕੀਤਾ ਹੈ। ਸਰਕਾਰੀ ਲਾਟਰੀ 'ਤੇ 12 ਫੀਸਦੀ ਅਤੇ ਸਰਕਾਰਾਂ ਵੱਲੋਂ ਅਧਿਕਾਰਤ ਲਾਟਰੀ 'ਤੇ 28 ਫੀਸਦੀ ਟੈਕਸ ਲੱਗੇਗਾ। 
ਐਤਵਾਰ ਨੂੰ ਹੋਈ ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ 'ਚ ਕੰਪਨੀਆਂ ਲਈ ਰਿਟਰਨ ਜਮ੍ਹਾ ਕਰਨ ਦੇ ਨਿਯਮਾਂ 'ਚ ਵੀ ਦੋ ਮਹੀਨਿਆਂ ਦੀ ਢਿੱਲ ਦਿੱਤੀ ਗਈ। ਹਾਲਾਂਕਿ ਪ੍ਰੀਸ਼ਦ ਨੇ ਇਹ ਸਾਫ ਕੀਤਾ ਹੈ ਕਿ ਜੀ. ਐੱਸ. ਟੀ. ਇਕ ਜੁਲਾਈ ਤੋਂ ਹੀ ਲਾਗੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਦਯੋਗ ਜਗਤ ਜੀ. ਐੱਸ. ਟੀ. ਲਾਗੂ ਕਰਨ ਦੀ ਤਰੀਕ ਨੂੰ ਅੱਗੇ ਵਧਾਏ ਜਾਣ ਦੀ ਮੰਗ ਕਰ ਰਿਹਾ ਹੈ। ਸੋਧ ਨਿਯਮਾਂ ਮੁਤਾਬਕ ਜੁਲਾਈ ਲਈ ਰਿਟਰਨ ਫਾਈਲਿੰਗ ਤਹਿਤ ਵਿਕਰੀ ਦਾ ਵੇਰਵਾ 10 ਅਗਸਤ ਦੀ ਬਜਾਏ ਹੁਣ ਪੰਜ ਸਤੰਬਰ ਤਕ ਦਾਖਲ ਕਰਾਇਆ ਜਾ ਸਕਦਾ ਹੈ। 
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਤਿਆਰੀ ਦੀ ਕਮੀ ਨਾਲ ਨਜਿੱਠਣ ਲਈ ਦੋ ਮਹੀਨਿਆਂ ਯਾਨੀ ਕਿ ਜੁਲਾਈ-ਅਗਸਤ ਲਈ ਥੋੜ੍ਹੀ ਛੋਟ ਦਿੱਤੀ ਗਈ ਹੈ। ਸਤੰਬਰ ਤੋਂ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਹੋਟਲਾਂ ਨੂੰ ਦਿੱਤੀ ਗਈ ਰਾਹਤ ਬਾਰੇ ਉਨ੍ਹਾਂ ਨੇ ਕਿਹਾ ਕਿ ਪ੍ਰੀਸ਼ਦ ਨੇ 5,000 ਰੁਪਏ ਦੀ ਜਗ੍ਹਾ ਹੁਣ 7,500 ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਕਿਰਾਏ 'ਤੇ 28 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੋਟਲ ਦੇ ਕਮਰਿਆਂ ਦੇ 2,500 ਤੋਂ 7,500 ਰੁਪਏ ਦੇ ਬਿੱਲ 'ਤੇ 18 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ।


Related News