ਬਜਟ ’ਚ ਸਰਕਾਰੀ ਤੇਲ ਕੰਪਨੀਆਂ ਦਾ ਪੂੰਜੀਗਤ ਖਰਚ 4 ਸਾਲਾਂ ’ਚ ਸਭ ਤੋਂ ਘੱਟ
Monday, Feb 04, 2019 - 04:50 PM (IST)

ਨਵੀਂ ਦਿੱਲੀ - ਓ. ਐੱਨ. ਜੀ. ਸੀ. ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ 2019-20 ’ਚ ਤੇਲ ਅਤੇ ਗੈਸ ਖੋਜ ’ਚ 93,693 ਕਰੋਡ਼ ਰੁਪਏ ਦੇ ਨਿਵੇਸ਼ ਦੀ ਯੋਜਨਾ ਤੋਂ ਬਾਅਦ ਵੀ ਸਰਕਾਰੀ ਤੇਲ ਕੰਪਨੀਆਂ ਦਾ ਪੂੰਜੀਗਤ ਖਰਚ 4 ਸਾਲਾਂ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। ਅੰਤ੍ਰਿਮ ਬਜਟ ਦੇ ਦਸਤਾਵੇਜ਼ਾਂ ਅਨੁਸਾਰ ਓ. ਐੱਨ. ਜੀ. ਸੀ., ਆਈ. ਓ. ਸੀ., ਗੇਲ, ਬੀ. ਪੀ. ਸੀ. ਐੱਲ., ਐੱਚ. ਪੀ. ਸੀ. ਐੱਲ., ਮੰਗਲੋਰ ਰਿਫਾਈਨਰੀਜ਼ ਤੇ ਪੈਟਰੋਕੈਮੀਕਲਜ਼ ਲਿਮਟਿਡ ਅਤੇ ਇਨ੍ਹਾਂ ਦੇ ਸਹਿਯੋਗੀਅਾਂ ਦਾ ਪੂੰਜੀਗਤ ਖਰਚ 2014-15 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ।
ਸਰਕਾਰੀ ਤੇਲ ਕੰਪਨੀਆਂ ਨੇ ਚਾਲੂ ਵਿੱਤੀ ਸਾਲ ’ਚ 89,335 ਕਰੋਡ਼ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਕੀਤਾ ਸੀ ਪਰ 31 ਮਾਰਚ 2019 ਤੱਕ ਇਹ 94,438 ਕਰੋਡ਼ ਰੁਪਏ ’ਤੇ ਪਹੁੰਚ ਜਾਵੇਗਾ। ਇਹ 2017-18 ਦੇ 1,32,003 ਕਰੋਡ਼ ਰੁਪਏ, 2016-17 ਦੇ 1,04,426 ਕਰੋਡ਼ ਅਤੇ 2015-16 ਦੇ 97,223 ਕਰੋਡ਼ ਰੁਪਏ ਤੋਂ ਘੱਟ ਹੈ। ਸਾਲ 2014-15 ’ਚ ਇਨ੍ਹਾਂ ਨੇ 89,180 ਕਰੋਡ਼ ਰੁਪਏ ਨਿਵੇਸ਼ ਕੀਤੇ ਸਨ।
ਸਰਕਾਰੀ ਤੇਲ ਕੰਪਨੀਆਂ ਦਾ ਪੂੰਜੀਗਤ ਖਰਚ ਅਜਿਹੇ ਸਮੇਂ ’ਚ ਘੱਟ ਹੋਇਆ ਹੈ, ਜਦੋਂ ਸਰਕਾਰ ਮਹਿੰਗੇ ਤੇਲ ਦਰਾਮਦ ਤੋਂ ਨਿਰਭਰਤਾ ਘੱਟ ਕਰਨ ਲਈ ਘਰੇਲੂ ਉਤਪਾਦਨ ਵਧਾਉਣ ’ਤੇ ਜ਼ੋਰ ਦੇ ਰਹੀ ਹੈ। ਪਿਛਲੇ ਵਿੱਤੀ ਸਾਲ ’ਚ ਦੇਸ਼ ਨੇ ਤੇਲ ਅਤੇ ਗੈਸ ਦਰਾਮਦ ’ਤੇ 109.10 ਅਰਬ ਡਾਲਰ ਖਰਚ ਕੀਤੇ ਸਨ। ਇਹ ਵਧ ਕੇ ਚਾਲੂ ਵਿੱਤੀ ਸਾਲ ’ਚ ਕਰੀਬ 130 ਅਰਬ ਡਾਲਰ ਹੋ ਜਾਣ ਦਾ ਅੰਦਾਜ਼ਾ ਹੈ।