ਯੂਨੀਟੈੱਕ ''ਤੇ ਸਰਕਾਰ ਦਾ ਕਬਜ਼ਾ : ਕਦੇ ਮੁਕਾਮ ''ਤੇ ਸੀ ਕਾਰੋਬਾਰ, ਹੁਣ ਖਤਮ ਹੋਇਆ ਸਾਮਰਾਜ
Saturday, Dec 09, 2017 - 09:50 AM (IST)

ਨਵੀਂ ਦਿੱਲੀ— ਆਮ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਘਰ ਨਾ ਦੇਣ ਵਾਲੀ ਰੀਅਲ ਅਸਟੇਟ ਕੰਪਨੀ ਯੂਨੀਟੈੱਕ ਨੂੰ ਵੱਡਾ ਝਟਕਾ ਲੱਗਾ ਹੈ। ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਕੰਪਨੀ ਦਾ ਕੰਟਰੋਲ ਸਰਕਾਰ ਦੇ ਹੱਥਾਂ 'ਚ ਦੇ ਦਿੱਤਾ ਹੈ। ਯੂਨੀਟੈੱਕ 'ਤੇ ਉਸ ਦੇ 61 ਪ੍ਰਾਜੈਕਟਾਂ ਦੇ 16,300 ਮਕਾਨ ਖਰੀਦਦਾਰਾਂ ਦੀ 7,800 ਕਰੋੜ ਰੁਪਏ ਦੀ ਦੇਣਦਾਰੀ ਹੈ, ਜਦੋਂ ਕਿ ਕੰਪਨੀ 6,700 ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠਾਂ ਦੱਬੀ ਹੈ। ਖਰੀਦਦਾਰਾਂ ਤੋਂ ਭਾਰੀ ਭਰਕਮ ਪੈਸੇ ਲੈ ਕੇ ਪ੍ਰਾਜੈਕਟ ਪੂਰੇ ਨਾ ਕਰਨ ਕਰਕੇ ਕੰਪਨੀ ਮਾਮਲਿਆਂ ਦਾ ਮੰਤਰਾਲਾ ਯੂਨੀਟੈੱਕ ਦੇ ਪ੍ਰਬੰਧਨ ਨੂੰ ਆਪਣੇ ਹੱਥਾਂ 'ਚ ਲੈਣ ਲਈ ਟ੍ਰਿਬਿਊਨਲ 'ਚ ਪਹੁੰਚ ਗਿਆ ਸੀ। ਮੰਤਰਾਲੇ ਨੇ ਕੰਪਨੀ 'ਤੇ ਮਾੜਾ ਪ੍ਰਬੰਧਨ ਤੇ ਧਨ ਦੇ ਹੇਰਫੇਰ ਦਾ ਦੋਸ਼ ਲਗਾਇਆ ਅਤੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਟ੍ਰਿਬਿਊਨਲ ਨੇ ਕੰਪਨੀ ਦੇ 10 ਡਾਇਰੈਕਟਰਾਂ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਸਰਕਾਰ ਨੂੰ ਆਪਣੇ 10 ਡਾਇਰੈਕਟਰ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ। ਟ੍ਰਿਬਿਊਨਲ ਨੇ ਸਰਕਾਰ ਨੂੰ 20 ਦਸੰਬਰ ਤਕ ਡਾਇਰੈਕਟਰ ਦੇ ਤੌਰ 'ਤੇ ਨਿਯੁਕਤ ਕੀਤੇ ਜਾਣ ਵਾਲੇ 10 ਲੋਕਾਂ ਦੇ ਨਾਮ ਦੇਣ ਦੇ ਹੁਕਮ ਦਿੱਤੇ ਹਨ। ਉਸੇ ਦਿਨ ਮਾਮਲੇ ਦੀ ਅਗਲੀ ਸੁਣਵਾਈ ਵੀ ਹੋਵੇਗੀ। ਸਰਕਾਰ ਆਮ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਕੰਪਨੀ ਨੂੰ ਆਪਣੇ ਹੱਥਾਂ 'ਚ ਲੈ ਸਕਦੀ ਹੈ।
ਰੀਅਸਲ ਅਸਟੇਟ ਸੈਕਟਰ ਨੂੰ ਸਰਕਾਰ ਦਾ ਸਖਤ ਸੰਦੇਸ਼
ਸਰਕਾਰ ਦੇ ਇਸ ਕਦਮ ਨਾਲ ਯੂਨੀਟੈੱਕ ਦੇ ਹਜ਼ਾਰਾਂ ਮਕਾਨ ਖਰੀਦਦਾਰਾਂ ਨੂੰ ਮਦਦ ਮਿਲ ਸਕਦੀ ਹੈ, ਜੋ ਹੁਣ ਤਕ ਆਪਣੇ ਫਲੈਟ 'ਤੇ ਕਬਜ਼ਾ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ। ਸਰਕਾਰ ਨੇ ਇਸ ਕਦਮ ਨਾਲ ਰੀਅਲ ਅਸਟੇਟ ਸੈਕਟਰ ਨੂੰ ਸਖਤ ਸੰਦੇਸ਼ ਦਿੱਤਾ ਹੈ। ਇੰਡਸਟਰੀ ਦੇ ਮਾਹਰਾਂ ਮੁਤਾਬਕ ਸਰਕਾਰ ਨੇ ਇਹ ਕਦਮ ਉਠਾ ਕੇ ਸਪੱਸ਼ਟ ਕੀਤਾ ਹੈ ਕਿ ਰੀਅਲ ਅਸਟੇਟ ਬਿਲਡਰ ਜਾਂ ਤਾਂ ਆਪਣੇ ਕੰਮਕਾਜ 'ਚ ਪਾਰਦਰਸ਼ਤਾ ਲਿਆਉਣ ਨਹੀਂ ਤਾਂ ਉਨ੍ਹਾਂ ਨੂੰ ਆਪਣੀ ਕੰਪਨੀ ਗੁਆਉਣੀ ਪੈ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਗਠਿਤ ਨਵਾਂ ਬੋਰਡ ਯੂਨੀਟੈੱਕ ਦੇ ਮਕਾਨ ਖਰੀਦਦਾਰਾਂ ਨੂੰ ਮਦਦ ਦਾ ਰਸਤਾ ਤਲਾਸ਼ ਸਕਦਾ ਹੈ ਅਤੇ ਅਧੂਰੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਨਵਾਂ ਡਿਵੈਲਪਰ ਲੱਭਿਆ ਜਾ ਸਕਦਾ ਹੈ ਜਾਂ ਫਿਰ ਜਨਤਕ ਖੇਤਰ ਦੀ ਕੰਪਨੀ ਨੂੰ ਇਹ ਕੰਮ ਸੌਂਪਿਆ ਜਾ ਸਕਦਾ ਹੈ।
ਖਤਮ ਹੋਇਆ ਯੂਨੀਟੈੱਕ ਦਾ ਕਾਰੋਬਾਰੀ ਸਾਮਰਾਜ
ਉੱਥੇ ਹੀ, ਇਸ ਸਾਲ ਅਪ੍ਰੈਲ 'ਚ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਬਰਾਂਚ ਨੇ ਯੂਨੀਟੈੱਕ ਦੇ ਪ੍ਰਬੰਧਕ ਨਿਰਦੇਸ਼ਕ ਸੰਜੈ ਚੰਦਰਾ ਅਤੇ ਉਨ੍ਹਾਂ ਦੇ ਭਰਾ ਅਜੈ ਚੰਦਰਾ ਨੂੰ ਨਿਵੇਸ਼ਕਾਂ ਤੋਂ ਪੈਸੇ ਲੈਣ ਦੇ ਬਾਵਜੂਦ ਪ੍ਰਾਜੈਕਟ 'ਤੇ ਕੰਮ ਨਹੀਂ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਸਾਲ 2007 'ਚ ਚੰਦਰਾ ਪਰਿਵਾਰ ਦੀ ਦੌਲਤ 30,000 ਕਰੋੜ ਰੁਪਏ ਤੋਂ ਵਧ ਸੀ। ਅੱਜ ਇਸ ਕੰਪਨੀ ਦਾ ਬਾਜ਼ਾਰ ਮੁੱਲ ਸਿਰਫ 1,906 ਕਰੋੜ ਰੁਪਏ ਰਹਿ ਗਿਆ ਹੈ। ਰੀਅਲ ਅਸਟੇਟ ਦੀ ਦਿੱਗਜ ਰਹੀ ਇਸ ਕੰਪਨੀ ਦੀ ਵੈੱਬਸਾਈਟ 'ਤੇ ਕਦੇ ਇਸ ਦੀ ਪਛਾਣ ਲਈ 'ਰਿਐਲਟੀ ਮੁਗਲ', ਪਾਵਰ ਬ੍ਰਾਂਡ' ਅਤੇ 'ਸੁਪਰ ਬ੍ਰਾਂਡ' ਤਕ ਲਿਖਿਆ ਗਿਆ ਸੀ। ਯੂਨੀਟੈੱਕ ਦੀ ਇਹ ਪਛਾਣ ਕਦੇ ਉਸ ਦੇ ਰੀਅਲ ਅਸਟੇਟ ਕਾਰੋਬਾਰੀ ਸਾਮਰਾਜ ਦਾ ਪ੍ਰਤੀਕ ਸੀ, ਜੋ ਜਲਦ ਹੀ ਖਤਮ ਹੋ ਗਈ। ਰੀਅਲ ਅਸਟੇਟ ਸੈਕਟਰ 'ਚ ਗਿਰਾਵਟ, ਵਧਦੇ ਕਰਜ਼ੇ ਅਤੇ 2ਜੀ ਘੋਟਾਲੇ 'ਚ ਕੰਪਨੀ ਦੀ ਕਥਿਤ ਸ਼ਮੂਲੀਅਤ ਕਾਰਨ ਉਸ ਦੇ ਚਰਤਿੱਰ ਅਤੇ ਕਾਰੋਬਾਰ ਨੂੰ ਝਟਕਾ ਲੱਗਾ। ਆਈ. ਆਈ. ਟੀ. ਦੇ ਸਾਬਕਾ ਵਿਦਿਆਰਥੀ ਅਤੇ ਸੰਜੈ ਤੇ ਅਜੈ ਦੇ ਪਿਤਾ ਰਮੇਸ਼ ਚੰਦਰਾ ਵੱਲੋਂ 1971 'ਚ ਰੀਅਲ ਅਸਟੇਟ ਕੰਪਨੀ ਯੂਨੀਟੈੱਕ ਦੀ ਸਥਾਪਨਾ ਕੀਤੀ ਗਈ ਸੀ। 2007 ਤੋਂ 2008 ਤਕ ਕੰਪਨੀ ਨੇ ਵੱਡਾ ਮੁਕਾਮ ਹਾਸਲ ਕੀਤਾ ਪਰ 2009 'ਚ ਰੀਅਲ ਅਸਟੇਟ ਸੈਕਟਰ 'ਚ ਗਿਰਾਵਟ ਸ਼ੁਰੂ ਹੋ ਗਈ ਅਤੇ ਅੰਤ 'ਚ ਯੂਨੀਟੈੱਕ ਹਜ਼ਾਰਾਂ ਕਰੋੜਾਂ ਦੇ ਬੋਝ ਹੇਠਾਂ ਦੱਬ ਗਈ।