ਖੰਡ ''ਤੇ ਸਟਾਕ ਲਿਮਟ ਲਾ ਸਕਦੀ ਹੈ ਸਰਕਾਰ, ਕੀਮਤਾਂ ਰਹਿਣਗੀਆਂ ਸਥਿਰ
Sunday, Feb 04, 2018 - 08:11 AM (IST)
ਨਵੀਂ ਦਿੱਲੀ— ਖੰਡ ਦੀਆਂ ਕੀਮਤਾਂ 'ਚ ਕਿਸੇ ਵੱਡੀ ਗਿਰਾਵਟ ਦੀ ਸੰਭਾਵਨਾ ਨੂੰ ਖਤਮ ਕਰਨ ਦੇ ਲਿਹਾਜ਼ ਨਾਲ ਸਰਕਾਰ ਮਿੱਲਾਂ ਵੱਲੋਂ ਖੰਡ ਦੀ ਸੇਲ 'ਤੇ ਮਹੀਨਾਵਾਰੀ ਸਟਾਕ ਲਿਮਟ ਲਾ ਸਕਦੀ ਹੈ। ਇਸ ਨਾਲ ਬਾਜ਼ਾਰ 'ਚ ਖੰਡ ਦੀ ਓਵਰ ਸਪਲਾਈ ਨਹੀਂ ਹੋਵੇਗੀ ਅਤੇ ਕੀਮਤਾਂ ਸਥਿਰ ਰਹਿਣਗੀਆਂ। ਇਕ ਉੱਚ ਅਧਿਕਾਰੀ ਅਨੁਸਾਰ ਆਉਣ ਵਾਲੇ ਇਕ ਹਫਤੇ 'ਚ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ।
15 ਫੀਸਦੀ ਆਈ ਮੁੱਲ 'ਚ ਕਮੀ
ਇਸ ਸਾਲ ਜ਼ਿਆਦਾ ਉਤਪਾਦਨ ਦੀਆਂ ਉਮੀਦਾਂ ਦੀ ਵਜ੍ਹਾ ਨਾਲ ਅਕਤੂਬਰ 'ਚ ਖੰਡ ਸੀਜ਼ਨ ਦੀ ਸ਼ੁਰੂਆਤ ਤੋਂ ਹੁਣ ਤੱਕ ਕੀਮਤਾਂ 15 ਫੀਸਦੀ ਤੱਕ ਘੱਟ ਹੋ ਗਈਆਂ ਹਨ। ਸਰਕਾਰ ਚਾਹੁੰਦੀ ਹੈ ਕਿ ਹੁਣ ਕੀਮਤਾਂ ਹੋਰ ਹੇਠਾਂ ਨਾ ਜਾਣ। ਅੰਦਾਜ਼ੇ ਮੁਤਾਬਕ ਅਕਤੂਬਰ-ਸਤੰਬਰ (2017-18) 'ਚ 2.7 ਕਰੋੜ ਟਨ ਖੰਡ ਦਾ ਉਤਪਾਦਨ ਹੋਵੇਗਾ। ਇੰਡੀਆ ਸ਼ੂਗਰ ਮਿੱਲਸ ਐਸੋਸੀਏਸ਼ਨ (ਇਸਮਾ) ਨੇ ਵੀ ਇਸ ਸੀਜ਼ਨ 'ਚ ਉਤਪਾਦਨ ਦੇ ਆਪਣੇ ਅੰਦਾਜ਼ੇ ਨੂੰ 10 ਲੱਖ ਟਨ ਵਧਾ ਕੇ 2.61 ਕਰੋੜ ਟਨ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਨੇ 2.49 ਲੱਖ ਟਨ ਖੰਡ ਦੇ ਉਤਪਾਦਨ ਦਾ ਅੰਦਾਜ਼ਾ ਪ੍ਰਗਟਾਇਆ ਹੈ। ਪਿਛਲੇ ਸਾਲ ਖੰਡ ਦਾ ਉਤਪਾਦਨ 7 ਸਾਲਾਂ 'ਚ ਸਭ ਤੋਂ ਘੱਟ 2.02 ਕਰੋੜ ਟਨ ਰਿਹਾ ਸੀ।
