ਸਰਕਾਰ ਨਵੇਂ ਰਾਜਮਾਰਗਾਂ ’ਤੇ ਹੈਲੀਪੈਡ ਬਣਾਉਣ ’ਤੇ ਵਿਚਾਰ ਕਰ ਰਹੀ ਹੈ : ਸਿੰਧੀਆ

Wednesday, Oct 19, 2022 - 10:41 AM (IST)

ਸਰਕਾਰ ਨਵੇਂ ਰਾਜਮਾਰਗਾਂ ’ਤੇ ਹੈਲੀਪੈਡ ਬਣਾਉਣ ’ਤੇ ਵਿਚਾਰ ਕਰ ਰਹੀ ਹੈ : ਸਿੰਧੀਆ

ਨਵੀਂ ਦਿੱਲੀ- ਸਰਕਾਰ ਨਵੇਂ ਰਾਜਮਾਰਗਾਂ ’ਤੇ ਹੈਲੀਪੈਡ ਬਣਾਉਣ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਇਸ ਨਾਲ ਐਮਰਜੈਂਸੀ ਵਾਲੀ ਸਥਿਤੀ ’ਚ ਲੋਕਾਂ ਨੂੰ ਤੁਰੰਤ ਬਚਾਉਣ ’ਚ ਮਦਦ ਮਿਲੇਗੀ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਅਤੇ ਸੜਕ ਆਵਾਜਾਈ ਮੰਤਰਾਲਾ ਨੇ ਇਸ ਪ੍ਰਸਤਾਵ ’ਤੇ ਚਰਚਾ ਕੀਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਸੰਪਰਕ ਵਧਾਉਣ ਲਈ ਖਾਸ ਕਰ ਕੇ ਦੂਰ-ਦੁਰਾਡੇ ਅਤੇ ਪਹਾੜੀ ਇਲਾਕਿਆਂ ’ਚ ਹੈਲੀਕਾਪਟਰਾਂ ਦੇ ਇਸਤੇਮਾਲ ਨੂੰ ਵਧਾਉਣ ’ਤੇ ਜ਼ੋਰ ਦੇ ਰਿਹਾ ਹੈ।
ਸਿੰਧੀਆ ਨੇ ਕਿਹਾ ਕਿ ਸਾਰੇ ਨਵੇਂ ਰਾਜਮਾਰਗਾਂ ਦੇ ਨਾਲ ਹੀ ਹੈਲੀਪੈਡ ਹੋਣੇ ਚਾਹੀਦੇ ਹਨ ਤਾਂ ਕਿ ਬੁਨਿਆਦੀ ਢਾਂਚਾ ਤਿਆਰ ਹੋਵੇ। ਸਿੰਧੀਆ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਰਿਟਾਇਰਡ) ਵੀ. ਕੇ. ਸਿੰਘ ਨੇ ਦੋਹਾਂ ਨੇ ਹਰ ਜ਼ਿਲੇ ’ਚ ਹੈਲੀਪੈਡ ਬਣਾਉਣ ਦੀ ਵਕਾਲਤ ਕੀਤੀ ਹੈ। ਉਹ ਰਾਸ਼ਟਰੀ ਰਾਜਧਾਨੀ ’ਚ ਸ਼ਹਿਰੀ ਹਵਾਬਾਜ਼ੀ ਮੰਤਰੀਆਂ ਦੇ ਸੰਮੇਲਨ ’ਚ ਬੋਲ ਰਹੇ ਸਨ।
ਸੂਬੇ ਜਹਾਜ਼ ਦੇ ਈਂਧਨ ’ਤੇ ਵੈਟ ਘੱਟ ਕਰਨ
ਸਿੰਧੀਆ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਹਵਾਈ ਯਾਤਰਾ ਦੀ ਮੰਗ ਤੇਜ਼ ਹੋਈ ਹੈ ਅਤੇ ਉਨ੍ਹਾਂ ਨੇ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਹਾਜ਼ ਦੇ ਈਂਧਨ ’ਤੇ ਵੈਟ (ਮੁੱਲ ਵਾਧਾ ਟੈਕਸ) ਘੱਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਰਾਸ਼ਟਰੀ ਰਾਜਧਾਨੀ ’ਚ ਸ਼ਹਿਰੀ ਹਵਾਬਾਜ਼ੀ ਮੰਤਰੀਆਂ ਦੇ ਸੰਮੇਲਨ ’ਚ ਕਿਹਾ ਕਿ ਛੋਟੇ ਸ਼ਹਿਰਾਂ ਤੋਂ ਹਵਾਈ ਆਵਾਜਾਈ ’ਚ ਵਾਧਾ ਹੋਵੇਗਾ।
ਘਰੇਲੂ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਰਹੀ ਹੈ ਅਤੇ ਹਾਲ ਹੀ ਦੇ ਦਿਨਾਂ ’ਚ ਰੋਜ਼ਾਨਾ ਮੁਸਾਫਰਾਂ ਦੀ ਗਿਣਤੀ ਦੋ ਵਾਰ ਚਾਰ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਉਨ੍ਹਾਂ ਨੇ ਗੋਆ, ਅਸਾਮ, ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ, ਰਾਜਸਥਾਨ, ਬਿਹਾਰ ਅਤੇ ਤਾਮਿਲਨਾਡੂ ਤੋਂ ਏਵੀਏਸ਼ਨ ਟਰਬਾਈਨ ਫਿਊਲ (ਏ. ਟੀ. ਐੱਫ.) ’ਤੇ ਵੈਟ ਘੱਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਹਵਾਈ ਜਹਾਜ਼ ਦੇ ਈਂਧਨ ’ਤੇ ਵੈਟ 1-4 ਫੀਸਦੀ ਦੇ ਘੇਰੇ ’ਚ ਹੈ।
 


author

Aarti dhillon

Content Editor

Related News