ਸਰਕਾਰੀ ਗੋਲਡ ਬਾਂਡ ਯੋਜਨਾ 'ਚ ਲੋਕਾਂ ਨੇ ਕੀਤੀ ਮੋਟੀ ਖ਼ਰੀਦਦਾਰੀ, ਮਾਰਚ 'ਚ ਜੁਟਾਏ ਗਏ 25,702 ਕਰੋੜ ਰੁਪਏ
Friday, May 28, 2021 - 08:06 PM (IST)
ਮੁੰਬਈ (ਭਾਸ਼ਾ) – ਸਰਕਾਰੀ ਬਾਂਡ ਯੋਜਨਾ (ਐੱਸ. ਜੀ. ਬੀ.) ਯੋਜਨਾ ਰਾਹੀਂ ਇਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਸਾਲ ਮਾਰਚ ਅਖੀਰ ਤੱਕ 25,702 ਕਰੋੜ ਰੁਪਏ ਜੁਟਾਏ ਗਏ ਹਨ। ਇਹ ਯੋਜਨਾ ਨਵੰਬਰ 2015 ’ਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮਕਸਦ ਸੋਨੇ ਦੀ ਹਾਜ਼ਰ ਮੰਗ ਨੂੰ ਘੱਟ ਕਰਨਾ ਅਤੇ ਸੋਨੇ ਦੀ ਖਰੀਦ ’ਚ ਕੰਮ ਆਉਣ ਵਾਲੀ ਘਰੇਲੂ ਬੱਚਤ ਨੂੰ ਵਿੱਤੀ ਬੱਚਤ ’ਚ ਲਿਆਉਣਾ ਹੈ।
ਰਿਜ਼ਰਵ ਬੈਂਕ ਨੇ 2020-21 ’ਚ 16,049 ਕਰੋੜ ਰੁਪਏ ਦੀ ਰਾਸ਼ੀ ਦੀ ਬਾਂਡ ਦੀਆਂ 12 ਕਿਸ਼ਤਾਂ ਜਾਰੀ ਕੀਆਂ। ਮਾਤਰਾ ਦੇ ਹਿਸਾਬ ਨਾਲ ਇਹ 32.35 ਟਨ ਬੈਠਦਾ ਹੈ। ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੰਬਰ 2015 ’ਚ ਸ਼ੁਰੂਆਤ ਤੋਂ ਬਾਅਦ ਤੋਂ ਐੱਸ. ਜੀ. ਬੀ. ਯੋਜਨਾ ਨਾਲ 25,702 ਕਰੋੜ ਰੁਪਏ (63.32 ਟਨ) ਜੁਟਾਏ ਗਏ ਹਨ। ਸਰਕਾਰ ਨੇ ਚਾਲੂ ਵਿੱਤੀ ਸਾਲ ’ਚ ਮਈ 2021 ਤੋਂ ਸਤੰਬਰ 2021 ਦੌਰਾਨ ਬਾਂਡ ਦੀਆਂ ਛੇ ਕਿਸ਼ਤਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਕੇਂਦਰ ਸਰਕਾਰ ਵਲੋਂ ਰਿਜ਼ਰਵ ਬੈਂਕ ਬਾਂਡ ਜਾਰੀ ਕਰਦਾ ਹੈ। ਯੋਜਨਾ ਦੀ ਦੂਜੀ ਕਿਸ਼ਤ ਦੇ ਤਹਿਤ ਖਰੀਦ ਸ਼ੁੱਕਰਵਾਰ ਨੂੰ ਬੰਦ ਹੋਵੇਗੀ। ਤੀਜੀ ਕਿਸ਼ਤ 31 ਮਈ ਤੋਂ 4 ਜੂਨ ਤੱਕ ਖੁੱਲ੍ਹੇਗੀ। ਇਸ ਦੀ ਪਹਿਲੀ ਕਿਸ਼ਤ 17 ਮਈ ਤੋਂ 21 ਮਈ ਤੱਕ ਖੁੱਲ੍ਹੀ ਸੀ।