CCI ਦੇ ਜੁਰਮਾਨਾ ਲਗਾਉਣ ਤੋਂ ਬਾਅਦ ਆਈ ਗੂਗਲ ਦੀ ਸਫਾਈ, ਕਿਹਾ-ਪਲੇਸਟੋਰ ਨੇ ਡਿਵੈੱਲਪਰਸ ਨੂੰ ਖੂਬ ਲਾਭ ਪਹੁੰਚਾਇਆ
Thursday, Oct 27, 2022 - 04:39 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਵਲੋਂ ਲਗਾਏ ਗਏ ਜੁਰਮਾਨੇ ’ਤੇ ਗੂਗਲ ਨੇ ਆਪਣੀ ਸਫਾਈ ਦਿੱਤੀ ਹੈ। ਗੂਗਲ ਨੇ ਕਿਹਾ ਕਿ ਉਸ ਦੀ ਪਲੇਅ ਸਟੋਰ ਪਾਲਿਸੀ ਨੇ ਦੇਸ਼ ’ਚ ਡਿਜੀਟਲ ਟ੍ਰਾਂਸਫਾਰਮੇਸ਼ਨ ਨੂੰ ਬੜ੍ਹਾਵਾ ਦੇਣ ਅਤੇ ਕਰੋੜਾਂ ਲੋਕਾਂ ਤੱਕ ਤਕਨੀਕ ਦੇ ਪ੍ਰਸਾਰ ’ਚ ਮਦਦ ਕੀਤੀ ਹੈ। ਕੰਪਨੀ ਨੇ ਕਿਹਾ ਕਿ ਗੂਗਲ ਪਲੇਅ ਵਲੋਂ ਦਿੱਤੀ ਜਾਣ ਵਾਲੀ ਤਕਨੀਕ, ਸੁਰੱਖਿਆ, ਬੇਜੋੜ ਬਦਲ ਅਤੇ ਫਲੈਕਸੀਬਿਲਿਟੀ ਨੇ ਭਾਰਤੀ ਡਿਵੈੱਲਪਰਸ ਨੂੰ ਖੂਬ ਲਾਭ ਪਹੁੰਚਾਇਆ ਹੈ। ਨਾਲ ਹੀ ਗੂਗਲ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਉਹ ਆਪਣੇ ਅਗਲੇ ਕਦਮ ਲਈ ਇਸ ਫੈਸਲੇ ਦੀ ਸਮੀਖਿਆ ਕਰ ਰਹੇ ਹਨ।
ਸੀ. ਸੀ. ਆਈ. ਨੇ ਮੰਗਲਵਾਰ ਨੂੰ ਗੂਗਲ ’ਤੇ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਪਲੇਅ ਸਟੋਰ ਦੀਆਂ ਨੀਤੀਆਂ ਦੇ ਸਬੰਧ ’ਚ ਅਣਉਚਿੱਤ ਵਪਾਰ ਵਿਵਹਾਰ ਲਈ ਲਗਾਇਆ ਗਿਆ ਹੈ। ਸੀ. ਸੀ. ਆਈ. ਨੇ ਕਿਹਾ ਕਿ ਕੰਪਨੀ ਨੂੰ ਅਣਉਚਿੱਤ ਕਾਰੋਬਾਰੀ ਗਤੀਵਿਧੀਆਂ ਨੂੰ ਰੋਕਣ ਦੇ ਨਾਲ ਇਕ ਨਿਰਧਾਰਤ ਸਮਾਂ-ਹੱਦ ਦੇ ਅੰਦਰ ਆਪਣੇ ਵਿਹਾਰ ’ਚ ਸੁਧਾਰ ਕਰਨ ਲਈ ਵੱਖ-ਵੱਖ ਉਪਾਅ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਕ ਹਫਤੇ ਤੋਂ ਵੀ ਘੱਟ ਸਮੇਂ ਇਹ ਦੂਜਾ ਮੌਕਾ ਹੈ, ਜਦੋਂ ਗੂਗਲ ਖਿਲਾਫ ਸੀ. ਸੀ. ਆਈ. ਨੇ ਵੱਡਾ ਫੈਸਲਾ ਦਿੱਤਾ ਹੈ।
ਕੀ ਕਿਹਾ ਸੀ. ਸੀ. ਆਈ. ਨੇ?
ਸੀ. ਸੀ. ਆਈ. ਨੇ ਮੰਗਲਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਪਲੇਅ ਸਟੋਰ ਨੀਤੀਆਂ ’ਚ ਆਪਣੇ ਦਬਦਬੇ ਦੀ ਸਥਿਤੀ ਦੀ ਦੁਰਵਰਤੋਂ ਕਰਨ ਲਈ ਗੂਗਲ ’ਤੇ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜ਼ਿਕਰਯੋਗ ਹੈ ਕਿ ਗੂਗਲ ਪਲੇਅ ਰਾਹੀਂ ਹੀ ਐਂਡ੍ਰਾਇਡ ਫੋਨ ਮਾਲਕ ਕੋਈ ਵੀ ਐਪ ਡਾਊਨਲੋਡ ਕਰ ਕੇ ਉਸ ਦਾ ਇਸਤੇਮਾਲ ਕਰ ਸਕਦੇ ਹਨ। ਬਿਆਨ ਮੁਤਾਬਕ ਜ਼ਰੂਰੀ ਵਿੱਤੀ ਵੇਰਵੇ ਅਤੇ ਹੋਰ ਸਬੰਧਤ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਗੂਗਲ ਨੂੰ 30ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਦੱਸ ਦਈਏ ਕਿ ਸੀ. ਸੀ. ਆਈ. ਵਲੋਂ ਲਗਾਈ ਗਈ ਜੁਰਮਾਨੇ ਦੀ ਰਾਸ਼ੀ ਕੰਪਨੀ ਦੇ ਔਸਤ ਕਾਰੋਬਾਰ ਦਾ 7 ਫੀਸਦੀ ਹੈ। ਸੀ. ਸੀ. ਆਈ. ਨੇ ਗੂਗਲ ਨੂੰ ਐਪ ਡਿਵੈੱਲਪਰਸ ’ਤੇ ਅਜਿਹੀ ਕੋਈ ਵੀ ਸ਼ਰਤ ਨਾ ਲਗਾਉਣ ਨੂੰ ਕਿਹਾ ਹੈ ਜੋ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਅਣਉਚਿੱਤ, ਭੇਦਭਾਵਪੂਰਣ ਜਾਂ ਅਸੰਗਤ ਹੈ।