ਗੂਗਲ ਨੇ ਦਿੱਤਾ ਵਨਪਲੱਸ ਨੂੰ ਝਟਕਾ, ਵੇਚੇ ਦਿੱਤੇ 72 ਲੱਖ ਫੋਨ
Wednesday, Jun 10, 2020 - 04:21 PM (IST)
ਗੈਜੇਟ ਡੈਸਕ– ਬਾਜ਼ਾਰ ਖੋਜ ਕੰਪਨੀ ਆਈ.ਡੀ.ਸੀ. ਦੇ ਅੰਕੜਿਆਂ ਦੀ ਮੰਨੀਏ ਤਾਂ ਸਾਲ 2019 ’ਚ ਗੂਗਲ ਨੇ ਸਮਾਰਟਫੋਨ ਵਿਕਰੀ ਦੇ ਮਾਮਲੇ ’ਚ ਵਨਪਲੱਸ ਨੂੰ ਪਛਾੜ ਦਿੱਤਾ। ਰਿਪੋਰਟ ਮੁਤਾਬਕ, ਪਿਛਲੇ ਸਾਲ ਗੂਗਲ ਨੇ 72 ਲੱਖ ਪਿਕਸਲ ਫੋਨ ਵੇਚੇ ਹਨ, ਜੋ ਮੁਕਾਬਲੇਬਾਜ਼ ਕੰਪਨੀ ਵਨਪਲੱਸ ਤੋਂ ਜ਼ਿਆਦਾ ਹੈ। ਇਹ 2016 ’ਚ ਲਾਂਚ ਕੀਤੇ ਗਏ ਪਿਕਸਲ ਫੋਨ ਤੋਂ ਬਾਅਦ ਕੰਪਨੀ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਹਾਲਾਂਕਿ ਫਿਰ ਵੀ ਕੰਪਨੀ ਟਾਪ-10 ’ਚ ਨਹੀਂ ਹੈ।
ਆਈ.ਡੀ.ਸੀ. ਮੁਤਾਬਕ, ਪਿਛਲੇ ਸਾਲ ਪਿਕਸਲ ਫੋਨ ਦੀ ਵਿਕਰੀ ’ਚ 50 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਨੂੰ ਸਭ ਤੋਂ ਜ਼ਿਆਦਾ ਯੂ.ਐੱਸ., ਪੱਛਮੀ ਯੂਰੋਪ, ਅਤੇ ਜਪਾਨ ’ਚ ਖਰੀਦਿਆ ਗਿਆ ਹੈ। ਇਸ ਦੀ ਸ਼ਾਨਦਾਰ ਵਿਕਰੀ ਦੇ ਕਈ ਕਾਰਨ ਹਨ। ਗੱਲ ਕਰੀਏ ਪਿਕਸਲ 3ਏ ਦੀ ਤਾਂ 399 ਡਾਲਰ ਦੀ ਕੀਮਤ ਵਾਲੇ ਇਸ ਫੋਨ ਨੂੰ ਕਾਫ਼ੀ ਪ੍ਰਸ਼ੰਸਾ ਮਿਲੀ ਹੈ। ਹਾਲਾਂਕਿ, ਛੁੱਟੀਆਂ ਦੌਰਾਨ ਕੀਮਤ 249 ਡਾਲਰ ਤਕ ਡਿਗਾਉਣ ਦੇ ਚਲਦੇ ਇਹ ਕਾਫ਼ੀ ਪ੍ਰਸਿੱਧ ਹੋਇਆ। ਇਸ ਤੋਂ ਇਲਾਵਾ 2019 ’ਚ ਕੰਪਨੀ ਨੇ ਆਪਣੇ ਫੋਨਜ਼ ਦੀ ਉਪਲੱਬਧਤਾ ਨੂੰ ਵੀ ਵਧਾਇਆ। ਯੂ.ਐੱਸ. ’ਚ ਇਸ ਤੋਂ ਪਹਿਲਾਂ ਇਹ ਵਿਸ਼ੇਸ਼ ਤੌਰ ’ਤੇ ਸਿਰਫ਼ ਵੇਰੀਜ਼ੋਨ ’ਚ ਮਿਲਦੇ ਸਨ।
ਭਾਰਤ ’ਚ ਵਨਪਲੱਸ ਜ਼ਿਆਦਾ ਪ੍ਰਸਿੱਧ
ਦੱਸ ਦੇਈਏ ਕਿ ਵਨਪਲੱਸ ਭਾਰਤ ਦੇ ਪ੍ਰੀਮੀਅਮ ਸਮਾਰਟਫੋਨ ਬ੍ਰਾਂਡਸ ’ਚੋਂ ਇਕ ਹੈ। ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, ਵਨਪਲੱਸ ਨੇ ਸਿਰਫ਼ ਭਾਰਤ ’ਚ ਹੀ 20 ਲੱਖ ਤੋਂ ਜ਼ਿਆਦਾ ਫੋਨ ਵੇਚੇ ਹਨ। ਉਥੇ ਹੀ ਗੂਗਲ ਨੇ ਆਪਣੀ ਨਵੀਂ ਪਿਕਸਲ ਸੀਰੀਜ਼ ਨੂੰ ਭਾਰਤ ’ਚ ਲਾਂਚ ਤਕ ਨਹੀਂ ਕੀਤਾ।
ਗੂਗਲ ਨੇ ਇੰਝ ਗਾਹਕਾਂ ਨੂੰ ਭਰਮਾਇਆ
ਯੂ.ਐੱਸ. ’ਚ ਗਾਹਕਾਂ ਨੂੰ ਮਿਡ-ਰੇਂਜ ਸਮਾਰਟਫੋਨ ਖਰੀਦਣਾ ਪਸੰਦ ਹੈ। ਐੱਲ.ਜੀ. ਦੀ ਕੇ-ਸੀਰੀਜ਼ ਅਤੇ Stylo ਸਮਾਰਟਫੋਨ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ। ਉਥੇ ਹੀ ਸੈਮਸੰਗ ਦੀ ਗਲੈਕਸੀ ਏ-ਸੀਰੀਜ਼ ਨੂੰ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੋਟੋਰੋਲਾ ਦੀ ਮੋਟੋ ਜੀ-ਸੀਰੀਜ਼ ਨੇ ਵੀ ਇਥੇ ਆਪਣਾ ਕਮਾਲ ਵਿਖਾਇਆ ਹੈ। ਇਹ ਸਾਰੇ ਸਮਾਰਟਫੋਨ 400 ਡਾਲਰ ਤੋਂ ਘੱਟ ਦੀ ਰੇਂਜ ਵਾਲੇ ਹਨ। ਉਥੇ ਹੀ ਗੂਗਲ ਨੇ ਆਪਣੇ ਪਿਕਸਲ 3ਏ ਨੂੰ 399 ਡਾਲਰ ’ਚ ਲਾਂਚ ਕੀਤਾ। ਕੰਪਨੀ ਨੇ ਆਪਣੇ ਫਲੈਗਸ਼ਿਪ ਫੋਨ ਵਾਲੇ ਫੀਚਰ ਅੱਦੀ ਕੀਮਤ ’ਚ ਦਿੱਤੇ।