ਵੋਡਾਫੋਨ-ਆਈਡੀਆ ''ਚ ਨਿਵੇਸ਼ ਕਰਨ ਦੀ ਤਿਆਰੀ ''ਚ ਗੂਗਲ

Friday, May 29, 2020 - 01:43 AM (IST)

ਵੋਡਾਫੋਨ-ਆਈਡੀਆ ''ਚ ਨਿਵੇਸ਼ ਕਰਨ ਦੀ ਤਿਆਰੀ ''ਚ ਗੂਗਲ

ਗੈਜੇਟ ਡੈਸਕ—ਪਿਛਲੇ ਇਕ ਮਹੀਨੇ 'ਚ ਰਿਲਾਇੰਸ ਜਿਓ 'ਚ ਕਈ ਵਿਦੇਸ਼ੀ ਕੰਪਨੀਆਂ ਨੇ ਕਰੀਬ 70 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਰਿਲਾਇੰਸ ਜਿਓ 'ਚ ਨਿਵੇਸ਼ ਦੀ ਸ਼ੁਰੂਆਤ ਫੇਸਬੁੱਕ ਨੇ ਕੀਤੀ ਸੀ। ਜਿਓ 'ਚ ਫੇਸਬੁੱਕ ਦਾ ਨਿਵੇਸ਼ ਭਾਰਤ ਦੀ ਕਿਸੇ ਟੈਲੀਕਾਮ ਕੰਪਨੀ 'ਚ ਹੁਣ ਤਕ ਦਾ ਸਭ ਤੋਂ ਵੱਡਾ ਨਿਵੇਸ਼ ਸੀ। ਉੱਥੇ, ਹੁਣ ਖਬਰ ਹੈ ਕਿ ਅਲਫਾਬੈਟ ਗੂਗਲ, ਵੋਡਾਫੋਨ ਆਈਡੀਆ 'ਚ ਨਿਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ।

ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਭਾਰਤ 'ਚ ਸੰਘਰਸ਼ ਕਰ ਰਹੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ 'ਚ ਗੂਗਲ ਪੰਜ ਫੀਸਦੀ ਹਿੱਸੇਦਾਰੀ ਖਰੀਦ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਨਿਵੇਸ਼ ਦੀ ਪ੍ਰਕਿਰਿਆ ਅਜੇ ਸ਼ੁਰੂਆਤੀ ਪੜਾਅ 'ਚ ਹੈ। ਜਲਦ ਹੀ ਇਸ ਦਾ ਐਲਾਨ ਆਧਿਕਾਰਿਤ ਤੌਰ 'ਤੇ ਹੋ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਗੂਗਲ ਦੀ ਪੈਰੰਟ ਕੰਪਨੀ ਅਲਫਾਬੈਟ ਜਿਓ 'ਚ ਵੀ ਹਿੱਸੇਦਾਰੀ ਲੈਣ ਦੀ ਤਿਆਰੀ 'ਚ ਹੈ ਪਰ ਇਹ ਸੌਦਾ ਠੰਡੇ ਬਸਤੇ 'ਚ ਚੱਲ ਗਿਆ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਵੋਡਾਫੋਨ ਨੇ ਕਿਹਾ ਕਿ ਬਾਜ਼ਾਰ ਦੀਆਂ ਅਟਕਲਾਂ 'ਤੇ ਟਿੱਪਣੀ ਨਹੀਂ ਕਰਦਾ ਹੈ, ਉਥੇ ਗੂਗਲ ਨੇ ਵੀ ਇਸ 'ਤੇ ਫਿਲਹਾਲ ਕੋਈ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਜਿਓ ਪਲੇਟਫਾਰਮ ਲਿਮਟਿਡ ਅਤੇ ਫੇਸਬੁੱਕ ਇੰਕ ਨੇ ਇਕ ਬਾਈਡਿੰਗ ਐਗ੍ਰੀਮੈਂਟ 'ਤੇ ਦਸਤਖਤ ਦਾ ਐਲਾਨ ਕੀਤਾ ਹੈ ਜਿਸ ਦੇ ਮੁਤਾਬਕ ਫੇਸਬੁੱਕ ਨੇ ਜਿਓ ਪਲੇਟਫਾਰਮ 'ਚ 43,574 ਕਰੋੜ ਰੁਪਏ ਭਾਵ 6.22 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਫੇਸਬੁੱਕ ਦੇ ਇਸ ਨਿਵੇਸ਼ ਤੋਂ ਬਾਅਦ ਜਿਓ 'ਚ ਫੇਸਬੁੱਕ ਨੂੰ 9.99 ਫੀਸਦੀ ਦੀ ਹਿੱਸੇਦਾਰੀ ਮਿਲੇਗੀ। ਫੇਸਬੁੱਕ ਅਤੇ ਜਿਓ 'ਚ ਇਸ ਡੀਲ ਨੂੰ ਭਾਰਤ ਦੇ ਤਕਨਾਲੋਜੀ ਸੈਕਟਰ 'ਚ ਹੁਣ ਤਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਕਿਹਾ ਜਾ ਰਿਹਾ ਹੈ।


author

Karan Kumar

Content Editor

Related News