ਆਟੋ ਇੰਡਸਟਰੀ ਲਈ ਗੁੱਡ ਨਿਊਜ਼, ਚੀਨ ਤੋਂ ਜਲਦ ਸ਼ੁਰੂ ਹੋ ਸਕਦੀ ਹੈ ਸਪਲਾਈ
Thursday, Mar 05, 2020 - 04:35 PM (IST)
ਮੁੰਬਈ — ਕੋਰੋਨਾ ਵਾਇਰਸ ਦੀ ਚੀਨ ਤੋਂ ਬਾਅਦ ਹੁਣ ਵਿਦੇਸ਼ਾਂ 'ਚ ਵੀ ਫੈਲ ਰਹੀ ਮਹਾਂਮਾਰੀ ਵਿਚਕਾਰ ਭਾਰਤੀ ਉਦਯੋਗ ਲਈ ਇਕ ਚੰਗੀ ਖਬਰ ਆਈ ਹੈ। ਲੰਮੇ ਸਮੇਂ ਬਾਅਦ ਚੀਨ ਦੀਆਂ ਫੈਕਟਰੀਆਂ 'ਚ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ ਅਤੇ ਹੁਣ ਜਲਦੀ ਹੀ ਆਟੋ ਕੰਪਨੀਆਂ ਨੂੰ ਸਾਜ਼ੋ-ਸਮਾਨ ਦੀ ਸਪਲਾਈ ਸ਼ੁਰੂ ਹੋ ਸਕੇਗੀ। ਅਪ੍ਰੈਲ ਦੇ ਮਹੀਨੇ ਤੋਂ ਭਾਰਤ ਵਿਚ ਬੀ.ਐਸ.-6 ਮਿਆਰ ਲਾਗੂ ਹੋਣ ਵਾਲਾ ਹੈ, ਅਜਿਹੇ 'ਚ ਕੰਪਨੀਆਂ ਲਈ ਇਹ ਵੱਡੀ ਰਾਹਤ ਦੀ ਖਬਰ ਹੈ। ਕੋਰੋਨਾ ਆਊਟਬ੍ਰੇਕ ਦੇ ਕਾਰਨ ਚੀਨ ਨੇ ਹੁਬੇਈ 'ਚ ਲੰਮੇ ਸਮੇਂ ਤੋਂ ਸਾਰੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਸਨ।
ਦੇਸ਼ ਦੀ ਸਭ ਤੋਂ ਵੱਡੀ ਪੈਸੰਜਰ ਕੰਪਨੀ ਮਾਰੂਤੀ ਦੇ ਚੇਅਰਮੈਨ ਆਰ.ਸੀ. ਭਾਰਗਵ ਨੇ ਕਿਹਾ, 'ਚੀਨ 'ਚ ਕੋਰੋਨਾ ਵਾਇਰਸ ਦੇ ਵਧਦੇ ਅਸਰ ਕਾਰਨ ਸਾਡਾ ਉਤਪਾਦਨ ਪ੍ਰਭਾਵਿਤ ਨਹੀਂ ਹੋ ਰਿਹਾ ਹੈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਸਲ 'ਚ ਹੌਲੀ-ਹੌਲੀ ਹਾਲਾਤ ਬਿਹਤਰ ਹੋ ਰਹੇ ਹਨ'। ਉਨ੍ਹਾਂ ਨੇ ਕਿਹਾ ਕਿ ਵੁਹਾਨ ਦੇ ਬਾਹਰ ਫੈਕਟਰੀਆਂ 'ਚ ਕੰਮ ਸ਼ੁਰੂ ਹੋ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚੀਨ ਤੋਂ ਸਪਲਾਈ ਰੁਕਣ ਕਾਰਨ ਕੰਪਨੀਆਂ ਨੂੰ ਘਰੇਲੂ ਬਾਜ਼ਾਰ ਤੋਂ ਮਾਲ ਲੈਣਾ ਪੈ ਰਿਹਾ ਸੀ ਜਿਸ ਕਾਰਨ ਉਤਪਾਦਨ ਨੂੰ ਬਲ ਮਿਲਿਆ ਹੈ।
ਦੂਜੇ ਪਾਸੇ ਮਹਿੰਦਰਾ ਦੇ ਮੁੱਖ ਪਰਚੇਜ਼ਰ ਨੇ ਕਿਹਾ,'ਸਥਿਤੀਆਂ ਸੁਧਰ ਰਹੀਆਂ ਹਨ ਬੀਤੇ ਹਫਤੇ ਦੇ ਮੁਕਾਬਲੇ ਅਗਲਾ ਹਫਤਾ ਬਿਹਤਰ ਹੁੰਦਾ ਜਾ ਰਿਹਾ ਹੈ। ਚੀਨ ਦੇ ਸਾਰੇ ਸਪਲਾਇਰਾਂ ਨੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਅਜੇ ਪੂਰੇ ਸਾਧਨਾਂ ਦਾ ਇਸਤੇਮਾਲ ਨਹੀਂ ਹੋ ਰਿਹਾ ਹੈ। ਜੇਕਰ ਸੁਧਾਰ ਦੀ ਇਹੀ ਰਫਤਾਰ ਰਹੀ ਤਾਂ ਅਪ੍ਰੈਲ ਤੱਕ ਸਭ ਕੁਝ ਆਮ ਹੋ ਜਾਵੇਗਾ।'
ਇਕ ਬ੍ਰੇਕ ਸਪਲਾਇਰ ਨੇ ਕਿਹਾ ਕਿ ਉਨ੍ਹਾਂ ਬ੍ਰੇਕਸ ਦੀ ਸਪਲਾਈ ਵਧ ਗਈ ਹੈ। ਉਸਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਨੂੰ ਚੀਨ ਤੋਂ ਮੰਗਵਾਇਆ ਜਾਂਦਾ ਸੀ ਪਰ ਕੋਰੋਨਾ ਦੇ ਬਾਅਦ ਉਥੇ ਕੰਮ ਰੁਕਣ ਕਾਰਨ ਭਾਰਤੀ ਆਟੋ ਪਾਰਟਸ ਕੰਪਨੀਆਂ ਵੱਡੀ ਸਪਲਾਈਰ ਬਣ ਕੇ ਸਾਹਮਣੇ ਆ ਗਈਆਂ। ਚੀਨ ਕੰਪਨੀਆਂ ਕੋਲੋਂ 10-20 ਫੀਸਦੀ ਪੁਰਜੇ ਮੰਗਵਾਏ ਜਾਂਦੇ ਹਨ ਇਨ੍ਹਾਂ 'ਚ ਬ੍ਰੇਕ, ਸਟ੍ਰੇਅਰਿੰਗ ਖਾਸ ਹਨ। ਚੀਨ ਦਾ ਹੁਬੇਈ ਸੂਬਾ ਆਟੋ ਕੰਪਨੀਆਂ ਲਈ ਸਭ ਤੋਂ ਵੱਡਾ ਠਿਕਾਣਾ ਹੈ ਜਿਥੇ ਆਟੋ ਪੁਰਜਿਆਂ ਦੇ ਸੈਕੜਾਂ ਕਾਰਖਾਨੇ ਹਨ।