ਲਗਾਤਾਰ ਚੌਥੇ ਦਿਨ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਹੋਈ ਮਜ਼ਬੂਤ

01/27/2020 6:27:38 PM

ਨਵੀਂ ਦਿੱਲੀ — ਵਿਦੇਸ਼ਾਂ ਵਿਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਅਤੇ ਸਥਾਨਕ ਗਹਿਣਾ ਮੰਗ 'ਚ ਮਜ਼ਬੂਤੀ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਮਜ਼ਬੂਤ ਹੁੰਦਾ ਹੋਇਆ  ਕਰੀਬ ਤਿੰਨ ਹਫਤੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਸੋਨਾ 100 ਰੁਪਏ ਚਮਕ ਕੇ 41,870 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਵਿਕਿਆ। ਚਾਂਦੀ ਵੀ 190 ਰੁਪਏ ਦੇ ਵਾਧੇ ਨਾਲ 48,490 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਹ ਦੋਵਾਂ ਕੀਮਤੀ ਧਾਤੂਆਂ ਦਾ 08 ਜਨਵਰੀ ਦੇ ਬਾਅਦ ਦਾ ਉੱਚ ਪੱਧਰ ਹੈ। ਚਾਰ ਦਿਨਾਂ 'ਚ ਸੋਨਾ 800 ਰੁਪਏ ਅਤੇ ਚਾਂਦੀ 1,290 ਰੁਪਏ ਮਹਿੰਗੇ ਹੋਏ ਹਨ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ 11.15 ਡਾਲਰ ਚਮਕ ਕੇ 1,582.30 ਡਾਲਰ ਪ੍ਰਤੀ ਔਂਸ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 9.90 ਡਾਲਰ ਦੇ ਵਾਧੇ ਨਾਲ 1,581.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਯੂਰਪ 'ਚ ਨੋਵੇਲ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਪੂੰਜੀ ਬਜ਼ਾਰ 'ਚ ਕਮਜ਼ੋਰ ਹੋਇਆ ਹੈ ਅਤੇ ਉਨ੍ਹਾਂ ਸੁਰੱਖਿਅਤ ਮੰਨੀ ਜਾਣ ਵਾਲੀ ਪੀਲੀ ਧਾਤ ਦਾ ਰੁਖ਼ ਕੀਤਾ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ਨੇ ਰਫਤਾਰ ਫੜੀ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ ਹਾਜਿਰ ਵੀ 0.18 ਡਾਲਰ ਦੇ ਵਾਧੇ ਨਾਲ 18.24 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
 


Related News