ਸੋਨਾ-ਚਾਂਦੀ ਹੋਏ ਸਸਤੇ, ਜਾਣੋ 10 ਗ੍ਰਾਮ ਗੋਲਡ ਦੀਆਂ ਕੀਮਤਾਂ
Monday, Oct 22, 2018 - 02:57 PM (IST)
ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 50 ਰੁਪਏ ਡਿੱਗ ਕੇ 32,220 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਵੀ 100 ਰੁਪਏ ਦੀ ਗਿਰਾਵਟ ਨਾਲ 39,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਉੱਥੇ ਹੀ ਸੋਨਾ ਭਟੂਰ ਦੀ ਕੀਮਤ ਵੀ 50 ਰੁਪਏ ਘਟ ਕੇ 32,070 ਰੁਪਏ ਪ੍ਰਤੀ ਦਸ ਗ੍ਰਾਮ ਬੋਲੀ ਗਈ। ਗਿੰਨੀ ਦਾ ਮੁੱਲ 24,700 ਰੁਪਏ ਪ੍ਰਤੀ 8 ਗ੍ਰਾਮ 'ਤੇ ਸਥਿਰ ਰਿਹਾ। ਬੀਤੇ ਸ਼ਨੀਵਾਰ ਕਾਰੋਬਾਰ ਦੌਰਾਨ ਸੋਨੇ 'ਚ 45 ਰੁਪਏ ਦੀ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ ਸੀ।
ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਸੁਸਤੀ ਦੇ ਇਲਾਵਾ ਸਥਾਨਕ ਜਿਊਲਰਾਂ ਦੀ ਮੰਗ ਘਟ ਰਹਿਣ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.02 ਫੀਸਦੀ ਦੇ ਨੁਕਸਾਨ ਨਾਲ 1,227.20 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਉੱਥੇ ਹੀ ਚਾਂਦੀ 0.21 ਫੀਸਦੀ ਵਧ ਕੇ 14.73 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਜ਼ਿਕਰਯੋਗ ਹੈ ਕਿ ਰੁਪਏ 'ਚ ਗਿਰਾਵਟ ਕਾਰਨ ਭਾਰਤੀ ਕਰੰਸੀ 'ਚ ਕੀਮਤਾਂ ਮਹਿੰਗੀਆਂ ਹੋ ਗਈਆਂ ਹਨ। ਭਾਰਤੀ ਗਾਹਕਾਂ ਨੂੰ ਵਿਸ਼ਵ 'ਚ ਸਭ ਤੋਂ ਵਧ 10 ਫੀਸਦੀ ਦਰਾਮਦ ਡਿਊਟੀ ਦਾ ਬੋਝ ਵੀ ਸਹਿਣ ਕਰਨਾ ਪੈ ਰਿਹਾ ਹੈ। ਇਸ ਦੇ ਇਲਾਵਾ ਸੋਨੇ 'ਤੇ 3 ਫੀਸਦੀ ਅਤੇ ਮੇਕਿੰਗ ਚਾਰਜ 'ਤੇ 5 ਫੀਸਦੀ ਜੀ. ਐੱਸ. ਟੀ. ਕਾਰਨ ਭਾਰਤ 'ਚ ਸੋਨਾ ਹੋਰ ਮਹਿੰਗਾ ਹੋ ਜਾਂਦਾ ਹੈ। ਫਿਲਹਾਲ ਭਾਰਤੀ ਬਾਜ਼ਾਰਾਂ 'ਚ ਗਾਹਕਾਂ ਨੂੰ ਸੋਨਾ ਖਰੀਦਣਾ ਮਹਿੰਗਾ ਹੀ ਪੈ ਰਿਹਾ ਹੈ।
