ਸੋਨੇ-ਚਾਂਦੀ ''ਚ ਵੱਡੀ ਗਿਰਾਵਟ, ਜਾਣੋ ਅੱਜ ਦੀ ਕੀਮਤ

12/06/2017 3:53:28 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਸੋਨੇ-ਚਾਂਦੀ 'ਚ ਮੰਗਲਵਾਰ ਨੂੰ ਆਈ ਵੱਡੀ ਗਿਰਾਵਟ ਤੋਂ ਬਾਅਦ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਇਨ੍ਹਾਂ 'ਤੇ ਦਬਾਅ ਦੇਖਿਆ ਗਿਆ। ਭਵਿੱਖ 'ਚ ਕੀਮਤਾਂ ਡਿੱਗਣ ਦੇ ਖਦਸ਼ੇ ਵਿਚਕਾਰ ਸੋਨਾ ਇਸ ਹਫਤੇ ਦੀ ਵੱਡੀ ਗਿਰਾਵਟ ਯਾਨੀ 200 ਰੁਪਏ ਘੱਟ ਕੇ 30,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸੇ ਤਰ੍ਹਾਂ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 200 ਰੁਪਏ ਘੱਟ ਕੇ 29,900 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਬੀਤੇ ਮੰਗਲਵਾਰ ਨੂੰ ਸੋਨੇ ਦੀ ਕੀਮਤ 50 ਰੁਪਏ ਵਧੀ ਸੀ। ਸੋਨੇ ਦੀ 8 ਗ੍ਰਾਮ ਵਾਲੀ ਗਿੰਨੀ ਵੀ 100 ਰੁਪਏ ਸਸਤੀ ਹੋ ਕੇ 24,500 ਰੁਪਏ 'ਤੇ ਆ ਗਈ।

ਉੱਥੇ ਹੀ ਅੱਜ ਦੇ ਕਾਰੋਬਾਰ 'ਚ ਘਰੇਲੂ ਬਾਜ਼ਾਰ 'ਚ ਗਹਿਣਿਆਂ ਦੀ ਮੰਗ ਕਮਜ਼ੋਰ ਰਹਿਣ ਕਾਰਨ ਸੋਨੇ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਕਮਜ਼ੋਰ ਸੰਕੇਤਾਂ ਦੀ ਵੀ ਕੀਮਤੀ ਧਾਤਾਂ 'ਤੇ ਅਸਰ ਪਿਆ। ਇਸ ਦੇ ਇਲਾਵਾ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵੀ ਸੁਸਤ ਰਹੀ, ਜਿਸ ਕਾਰਨ ਚਾਂਦੀ 500 ਰੁਪਏ ਦੀ ਵੱਡੀ ਗਿਰਾਵਟ ਨਾਲ 38,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜਦੋਂ ਕਿ ਹਫਤਾਵਾਰੀ ਆਧਾਰਿਤ ਡਿਲੀਵਰੀ ਵਾਲੀ ਚਾਂਦੀ 265 ਰੁਪਏ ਵਧ ਕੇ 37,775 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੇ ਸਿੱਕਿਆਂ 'ਚ ਵੀ ਗਿਰਾਵਟ ਦਰਜ ਕੀਤੀ ਗਈ। ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ 0.76 ਫੀਸਦੀ ਡਿੱਗ ਕੇ 1,265.90 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ ਵੀ 1.41 ਫੀਸਦੀ ਟੁੱਟ ਕੇ 16.06 ਡਾਲਰ ਪ੍ਰਤੀ ਔਂਸ 'ਤੇ ਰਹੀ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਨੀਤੀਗਤ ਦਰਾਂ 'ਤੇ ਹੋਣ ਵਾਲੀ ਬੈਠਕ ਨਾਲ ਸੋਨੇ 'ਤੇ ਦਬਾਅ ਹੈ।


Related News