ਲਾਕਡਾਊਨ ਵਿਚਕਾਰ ਵਾਇਦਾ ਸੋਨੇ ''ਚ ਜ਼ਬਰਦਸਤ ਉਛਾਲ, ਚਾਂਦੀ ਵੀ ਚਮਕੀ

04/13/2020 5:05:59 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਕਾਰਨ ਕੀਮਤੀ ਧਾਤੂਆਂ ਦਾ ਹਾਜ਼ਰ ਬਾਜ਼ਾਰ ਬੰਦ ਪਿਆ ਹੈ। ਇਸ ਵਿਚਕਾਰ ਵਾਇਦਾ ਬਾਜ਼ਾਰ ਵਿਚ ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ ਦੇਖਿਆ ਜਾ ਰਿਹਾ ਹੈ। ਸੋਮਵਾਰ ਨੂੰ ਹੁਣ ਤਕ ਦੇ ਕਾਰੋਬਾਰ ਵਿਚ ਸੋਨੇ ਦੀਆਂ ਕੀਮਤਾਂ ਲਗਾਤਾਰ ਚੜ੍ਹ ਰਹੀਆਂ ਹਨ ਅਤੇ ਇਸ ਨੇ ਇਕ ਵਾਰ ਫਿਰ 45,909 ਰੁਪਏ ਪ੍ਰਤੀ 10 ਗ੍ਰਾਮ ਦਾ ਨਵਾਂ ਆਲਟਾਈਮ ਹਾਈ ਰਿਕਾਰਡ ਬਣਾ ਲਿਆ ਹੈ।

ਮਲਟੀ ਕਮੋਡਿਟੀ ਐਕਸਚੇਂਜ 'ਤੇ ਜੂਨ ਡਲਿਵਰੀ ਵਾਲੇ ਸੋਨੇ ਦੀ ਕੀਮਤ ਵਿਚ 1 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਕਾਰੋਬਾਰ ਦੌਰਾਨ ਸੋਨੇ ਨੇ 45,909 ਰੁਪਏ ਪ੍ਰਤੀ 10 ਗ੍ਰਾਮ ਦਾ ਨਵਾਂ ਆਲਟਾਈਮ ਹਾਈ ਰਿਕਾਰਡ ਬਣਾਇਆ। ਭਾਰਤ ਵਿਚ ਸੋਨੇ ਦੀ ਕੀਮਤ ਵਿਚ 12.5 ਫੀਸਦੀ ਇੰਪੋਰਟ ਡਿਊਟੀ ਤੇ 3 ਫੀਸਦੀ ਜੀ. ਐੱਸ. ਟੀ. ਸ਼ਾਮਲ ਹੁੰਦਾ ਹੈ। ਭਾਰਤ ਆਪਣੀ ਸੋਨੇ ਦੀ ਵਧੇਰੇ ਜ਼ਰੂਰਤ ਨੂੰ ਦਰਾਮਦ ਰਾਹੀਂ ਪੂਰੀ ਕਰਦਾ ਹੈ। 

ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ
ਸੋਨੇ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਚਾਂਦੀ ਵਿਚ 0.4 ਫੀਸਦੀ ਦਾ ਉਛਾਲ ਦੇਖਿਆ ਗਿਆ ਅਤੇ ਇਹ 43,670 ਰੁਪਏ ਪੁੱਜ ਗਈ। ਉੱਥੇ ਹੀ ਗਲੋਬਲ ਬਾਜ਼ਾਰਾਂ ਵਿਚ ਸੋਨੇ-ਚਾਂਦੀ ਸਪਾਟ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਕੌਮਾਂਤਰੀ ਬਾਜ਼ਾਰਾਂ ਵਿਚ ਸੋਨਾ 1686.82 ਡਾਲਰ ਪ੍ਰਤੀ ਔਂਸ ਅਤੇ ਚਾਂਦੀ 15.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਨਿਵੇਸ਼ਕਾਂ ਦਾ ਰੁਝਾਨ ਕੀਮਤੀ ਧਾਤੂਆਂ ਵੱਲ ਵਧਿਆ ਹੈ। ਇਸ ਨਾਲ ਇਨ੍ਹਾਂ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਪਿਛਲੇ ਹਫਤੇ ਵੀ ਸੋਨੇ ਦੀਆਂ ਕੀਮਤਾਂ ਵਿਚ ਤੇਜ਼ ਉਛਾਲ ਦਰਜ ਕੀਤਾ ਗਿਆ ਸੀ ਅਤੇ ਇਸ ਨੇ 2000 ਰੁਪਏ ਦੀ ਤੇਜ਼ੀ ਨਾਲ 45,724 ਰੁਪਏ ਪ੍ਰਤੀ 10 ਗ੍ਰਾਮ ਦਾ ਆਲਟਾਈਮ ਹਾਈ ਦਾ ਰਿਕਾਰਡ ਬਣਾਇਆ ਸੀ।


Sanjeev

Content Editor

Related News