ਸੋਨਾ ਜਲਦ 45 ਹਜ਼ਾਰ ਤੋਂ ਵੀ ਨਿਕਲ ਜਾਏਗਾ ਪਾਰ, ਇਹ ਹੈ ਵੱਡੀ ਵਜ੍ਹਾ

02/25/2020 3:09:53 PM

ਨਵੀਂ ਦਿੱਲੀ— ਸੋਨੇ ਦੀਆਂ ਕੀਮਤਾਂ 44,000 ਰੁਪਏ ਨੂੰ ਪਾਰ ਕਰ ਗਈਆਂ ਹਨ ਅਤੇ ਇਸ ਦੇ 45,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵੀ ਉਪਰ ਜਾਣ ਦੀ ਸੰਭਾਵਨਾ ਹੈ। ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਸਮੁੱਚੇ ਤੌਰ 'ਤੇ ਸੋਨੇ ਦੀ ਮਾਰਕੀਟ 'ਤੇ ਦਿਖਾਈ ਦੇ ਰਿਹਾ ਹੈ। ਸੋਨੇ ਦੀਆਂ ਕੀਮਤਾਂ ਇਸ ਵਕਤ 7 ਸਾਲਾਂ ਦੇ ਉੱਚੇ ਪੱਧਰ 'ਤੇ ਹਨ। ਸੋਨੇ ਦਾ ਅਜਿਹਾ ਉੱਚ ਪੱਧਰ ਆਖਰੀ ਵਾਰ ਜਨਵਰੀ 2013 ਵਿਚ ਦੇਖਿਆ ਗਿਆ ਸੀ। ਇਸ ਦੇ ਉਲਟ ਕੋਰੋਨਾ ਸਟਾਕ ਮਾਰਕੀਟ ਅਤੇ ਕੱਚੇ ਤੇਲ ਦੀ ਮਾਰਕੀਟ 'ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ।

 

ਸੋਮਵਾਰ ਨੂੰ ਜਿੱਥੇ ਘਰੇਲੂ ਸਟਾਕ ਮਾਰਕੀਟ ਵਿਚ 2 ਫੀਸਦੀ ਦੀ ਗਿਰਾਵਟ ਤੇ ਕੱਚੇ ਤੇਲ ਵਿਚ 4 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਉੱਥੇ ਹੀ, ਕੌਮਾਂਤਰੀ ਬਾਜ਼ਾਰਾਂ 'ਚ ਕੀਮਤਾਂ 'ਚ ਵਾਧੇ ਕਾਰਨ ਦਿੱਲੀ 'ਚ ਸੋਨੇ ਦੀਆਂ ਕੀਮਤਾਂ 953 ਰੁਪਏ ਚੜ੍ਹ ਕੇ 44,000 ਰੁਪਏ ਨੂੰ ਪਾਰ ਕਰ ਗਈਆਂ। ਮਾਹਰਾਂ ਮੁਤਾਬਕ ਇਸ ਸਮੇਂ ਜੋ ਹਾਲਾਤ ਹਨ ਉਸ ਹਿਸਾਬ ਨਾਲ ਸੋਨੇ ਦਾ ਅਗਲਾ ਸਟਾਪ 45 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੋ ਸਕਦਾ ਹੈ। ਕੌਮਾਂਤਰੀ ਬਾਜ਼ਾਰਾਂ 'ਚ ਸੋਨਾ 1,680 ਡਾਲਰ ਪ੍ਰਤੀ ਔਂਸ (32 ਗ੍ਰਾਮ) 'ਤੇ ਪਹੁੰਚ ਚੁੱਕਾ ਹੈ, ਜੋ ਜਲਦ ਹੀ 1,700 ਡਾਲਰ ਪ੍ਰਤੀ ਔਂਸ ਤੱਕ ਪਹੁੰਚਣ ਦਾ ਖਦਸ਼ਾ ਹੈ। ਇਸ ਨਾਲ ਭਾਰਤੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਵਿਚ ਵੀ ਜ਼ਬਰਦਸਤ ਉਛਾਲ ਦਿਸ ਸਕਦਾ ਹੈ।
 

ਸੋਨੇ ਵਿਚ ਨਿਵੇਸ਼ ਕਿਉਂ ਵਧ ਰਿਹਾ ਹੈ?
ਗਲੋਬਲ ਇਕਨੋਮੀ 'ਚ ਸੁਸਤੀ ਦੇ ਮਾਹੌਲ ਵਿਚ ਨਿਵੇਸ਼ਕ ਇਕ ਸੁਰੱਖਿਅਤ ਬਦਲ ਦੀ ਭਾਲ ਵਿਚ ਹਨ। ਸੋਨੇ ਵਿਚ ਨਿਵੇਸ਼ ਕਰਨਾ ਹਮੇਸ਼ਾ ਇਕ ਸੁਰੱਖਿਅਤ ਬਦਲ ਰਿਹਾ ਹੈ। ਕੋਰੋਨਾ ਦਾ ਪ੍ਰਭਾਵ ਵਿਸ਼ਵ ਪੱਧਰ 'ਤੇ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਨਿਵੇਸ਼ਕ ਪੈਸੇ ਸੁਰੱਖਿਅਤ ਕਰਨ ਲਈ ਸੋਨੇ ਵੱਲ ਮੁੜ ਰਹੇ ਹਨ। ਕੋਰੋਨਾ ਦੀ ਵਜ੍ਹਾ ਨਾਲ ਚੀਨ 'ਚ ਮੌਜੂਦ ਕਈ ਕੰਪਨੀਆਂ 'ਚ ਪ੍ਰਾਡਕਸ਼ਨ ਠੱਪ ਜਾਂ ਸੀਮਤ ਹੈ, ਉੱਥੇ ਹੀ ਦੱਖਣੀ ਕੋਰੀਆ 'ਚ ਵੀ ਇਸ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਸ ਕਾਰਨ ਸੋਨੇ 'ਚ ਨਿਵੇਸ਼ ਵੱਧ ਰਿਹਾ ਹੈ ਕਿਉਂਕਿ ਇਨ੍ਹਾਂ ਹਾਲਾਤ 'ਚ ਇਸ ਨੂੰ ਬਿਹਤਰ ਰਿਟਰਨ ਵਜੋਂ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਦੀਆਂ ਕੀਮਤਾਂ ਨਿਰੰਤਰ ਵਾਧਾ ਹੋ ਰਿਹਾ ਹੈ।


Related News