ਸੋਨੇ ''ਚ ਤੇਜ਼ੀ ਨਾਲ ਅੱਜ ਇੰਨੀ ਹੋ ਗਈ ਕੀਮਤ, ਚਾਂਦੀ ਵੀ ਹੋਈ ਮਹਿੰਗੀ
Friday, Nov 13, 2020 - 05:08 PM (IST)
ਨਵੀਂ ਦਿੱਲੀ— ਧਨਤੇਰਸ ਦੇ ਮੌਕੇ 'ਤੇ ਤਿਉਹਾਰੀ ਮੰਗ ਵਧਣ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 241 ਰੁਪਏ ਵੱਧ ਕੇ 50,425 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਸੋਨਾ 50,184 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 161 ਰੁਪਏ ਦੀ ਤੇਜ਼ੀ ਨਾਲ 62,542 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਪਿਛਲੇ ਕਾਰੋਬਾਰੀ ਦਿਨ ਚਾਂਦੀ 62,381 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਮੌਕੇ 'ਤੇ ਸੋਨੇ ਅਤੇ ਚਾਂਦੀ ਸਮੇਤ ਹੋਰ ਬਹੁਮੁੱਲੀ ਧਾਤਾਂ ਦੀ ਖ਼ਰੀਦ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਨਾਲ 1,880 ਡਾਲਰ ਪ੍ਰਤੀ ਔਂਸ ਹੋ ਗਿਆ ਅਤੇ ਚਾਂਦੀ 24.32 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਉਪ ਮੁਖੀ (ਕਮੋਡਿਟੀਜ਼) ਨਵਨੀਤ ਦਮਾਨੀ ਨੇ ਕਿਹਾ, ''ਕੋਵਿਡ-19 ਦੇ ਸੰਭਾਵਤ ਟੀਕੇ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ ਅਤੇ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਚਿੰਤਾਵਾਂ ਵਧਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁਖ਼ ਰਿਹਾ।'' ਉਨ੍ਹਾਂ ਕਿਹਾ ਕਿ ਬਾਜ਼ਾਰ 'ਚ ਬਹੁਤ ਡਰ ਹੈ ਕਿਉਂਕਿ ਅਮਰੀਕਾ ਦੇ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਦੁੱਗਣੇ ਹੋ ਗਏ ਹਨ ਜਿਸ ਦੀ ਵਜ੍ਹਾ ਨਾਲ ਬਹੁਮੁੱਲੀ ਧਾਤਾਂ ਦੀ ਖਰੀਦਦਾਰੀ ਵੱਧ ਗਈ।