ਸੋਨਾ ਖਰੀਦਦਾਰਾਂ ਨੂੰ ਰਾਹਤ, ਚਾਂਦੀ ਦੀ ਕੀਮਤ 300 ਰੁਪਏ ਚੜ੍ਹੀ

10/05/2019 3:12:13 PM

ਨਵੀਂ ਦਿੱਲੀ—  ਸ਼ਨੀਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਚਾਂਦੀ ਮਹਿੰਗੀ ਹੋ ਗਈ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 150 ਰੁਪਏ ਘੱਟ ਕੇ 39,270 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਚਾਂਦੀ 300 ਰੁਪਏ ਦੀ ਛਲਾਂਗ ਲਗਾ ਕੇ 46,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਜ਼ਿਕਰਯੋਗ ਹੈ ਕਿ ਬੀਤੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 1,150 ਰੁਪਏ ਵੱਧ ਕੇ 39,420 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਸੀ, ਜਦੋਂ ਕਿ ਚਾਂਦੀ 50 ਰੁਪਏ ਡਿੱਗ ਕੇ 46,450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਸੀ।

 

ਬਾਜ਼ਾਰ ਜਾਣਕਾਰਾਂ ਮੁਤਾਬਕ, ਜਿਊਲਰਾਂ ਵੱਲੋਂ ਖਰੀਦਦਾਰੀ ਘੱਟ ਹੋਣ ਨਾਲ ਸੋਨੇ ਦੀ ਕੀਮਤ ਘਟੀ, ਜਦੋਂ ਕਿ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਨਿਕਲਣ ਨਾਲ ਚਾਂਦੀ 'ਚ ਤੇਜ਼ੀ ਦਰਜ ਹੋਈ।
ਇਸ ਤੋਂ ਇਲਾਵਾ ਵਿਦੇਸ਼ੀ ਬਾਜ਼ਾਰਾਂ 'ਚ ਨਰਮੀ ਦਾ ਵੀ ਬਾਜ਼ਾਰ 'ਤੇ ਅਸਰ ਰਿਹਾ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸੋਨਾ ਹਾਜ਼ਰ ਦੋ ਡਾਲਰ ਡਿੱਗ ਕੇ 1,504.60 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.5 ਡਾਲਰ ਦੀ ਗਿਰਾਵਟ ਨਾਲ 1,510.30 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.04 ਡਾਲਰ ਦੀ ਗਿਰਾਵਟ ਨਾਲ 17.53 ਡਾਲਰ ਪ੍ਰਤੀ ਔਂਸ 'ਤੇ ਆ ਗਈ।


Related News