Gold Price in Jalandhar: 80 ਹਜ਼ਾਰੀ ਹੋਇਆ ਸੋਨਾ, ਜਾਣੋ 22 ਤੇ 23 ਕੈਰੇਟ ਦਾ ਭਾਅ
Monday, Oct 21, 2024 - 06:37 PM (IST)
ਨਵੀਂ ਦਿੱਲੀ - ਜਿਵੇਂ-ਜਿਵੇਂ ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰ ਨੇੜੇ ਆ ਰਹੇ ਹਨ, ਸੋਨੇ-ਚਾਂਦੀ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ ਅਤੇ ਨਿੱਤ ਨਵੇਂ ਰਿਕਾਰਡ ਬਣਾ ਰਹੀਆਂ ਹਨ। ਪੰਜਾਬ ਦੇ ਜਲੰਧਰ 'ਚ ਸੋਮਵਾਰ (21 ਅਕਤੂਬਰ) ਨੂੰ ਹਾਜ਼ਿਰ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 80,000 ਰੁਪਏ ਨੂੰ ਪਾਰ ਕਰਕੇ 80,150 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਫਿਲਹਾਲ 22 ਕੈਰੇਟ ਸੋਨਾ 74,540 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। ਚਾਂਦੀ ਦੀ ਗੱਲ ਕਰੀਏ ਤਾਂ 23K ਚਾਂਦੀ ਦੀ ਕੀਮਤ ਅੱਜ 78,150 ਰੁਪਏ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੋਨੇ-ਚਾਂਦੀ 'ਚ ਹੋਰ ਤੇਜ਼ੀ ਆਵੇਗੀ।
ਅੱਜ, MCX 'ਤੇ ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਸਭ ਤੋਂ ਉੱਚੀਆਂ ਹਨ। ਸੋਨੇ ਦੀ ਫਿਊਚਰਜ਼ ਕੀਮਤ 0.63 ਫੀਸਦੀ ਦੇ ਵਾਧੇ ਨਾਲ 78,240 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 2.86 ਫੀਸਦੀ ਦੇ ਵਾਧੇ ਨਾਲ 98,133 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ। ਸੋਨੇ-ਚਾਂਦੀ ਦੀਆਂ ਫਿਊਚਰ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਵਧ ਰਹੀਆਂ ਹਨ।
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ 'ਚ ਤੇਜ਼ੀ ਦੇਖਣ ਨੂੰ ਮਿਲੀ
ਅੱਜ ਕੌਮਾਂਤਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਸ਼ੁਰੂਆਤ ਹੋਈ। ਕਾਮੈਕਸ 'ਤੇ ਸੋਨਾ 2,736.30 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,730 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਤੱਕ ਇਹ 13.60 ਡਾਲਰ ਦੇ ਵਾਧੇ ਨਾਲ 2,743.60 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।