ਸੋਨੇ 'ਤੇ ਸਰਕਾਰ ਦੇਣ ਜਾ ਰਹੀ ਹੈ ਵੱਡੀ ਖ਼ੁਸ਼ਖ਼ਬਰੀ, ਗਰੀਬਾਂ ਨੂੰ ਵੀ ਫਾਇਦਾ

Sunday, Oct 04, 2020 - 04:35 PM (IST)

ਸੋਨੇ 'ਤੇ ਸਰਕਾਰ ਦੇਣ ਜਾ ਰਹੀ ਹੈ ਵੱਡੀ ਖ਼ੁਸ਼ਖ਼ਬਰੀ, ਗਰੀਬਾਂ ਨੂੰ ਵੀ ਫਾਇਦਾ

ਨਵੀਂ ਦਿੱਲੀ— ਜੇਕਰ ਤੁਹਾਡੇ ਕੋਲ ਘਰ 'ਚ ਸੋਨਾ ਪਿਆ ਹੈ ਅਤੇ ਤੁਸੀਂ ਉਸ ਨੂੰ ਬੈਂਕ 'ਚ ਜਮ੍ਹਾ ਕਰਾ ਕੇ ਕਮਾਈ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਸਰਕਾਰ 'ਗੋਲਡ ਮੋਨੇਟਾਈਜੇਸ਼ਨ ਸਕੀਮ (ਜੀ. ਐੱਮ. ਐੱਸ.)' 'ਚ ਰਾਹਤਾਂ ਦਾ ਪਿਟਾਰਾ ਖੋਲ੍ਹਣ ਜਾ ਰਹੀ ਹੈ, ਜਿਸ ਦਾ ਗਰੀਬਾਂ ਨੂੰ ਵੀ ਫਾਇਦਾ ਹੋਵੇਗਾ।

ਸਰਕਾਰ ਦੀ ਯੋਜਨਾ ਮੁਤਾਬਕ, ਜੀ. ਐੱਮ. ਐੱਸ. ਤਹਿਤ ਹੁਣ ਲੋਕਾਂ ਨੂੰ ਸਿਰਫ 500 ਰੁਪਏ ਦੀ ਕੀਮਤ ਦੇ ਬਰਾਬਰ ਦੇ ਸੋਨੇ ਨਾਲ ਵੀ 'ਗੋਲਡ ਬਚਤ ਖਾਤਾ' ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਮੌਜੂਦਾ 30 ਗ੍ਰਾਮ ਦੀ ਨਿਰਧਾਰਤ ਘੱਟੋ-ਘੱਟ ਲਿਮਟ ਤੋਂ ਕਾਫ਼ੀ ਘੱਟ ਹੈ।

ਇਸ ਤੋਂ ਇਲਾਵਾ ਗੋਲਡ ਖਾਤੇ ਨੂੰ ਮੌਜੂਦਾ ਬੈਂਕ ਖਾਤੇ ਨਾਲ ਵੀ ਜੋੜਿਆ ਜਾ ਸਕੇਗਾ। ਗੋਲਡ ਖਾਤਾ ਖੁੱਲ੍ਹਣ ਤੋਂ ਬਾਅਦ ਸਿਰਫ 100 ਰੁਪਏ ਦੀ ਕੀਮਤ ਦੇ ਬਰਾਬਰ ਹੋਰ ਸੋਨਾ ਜਮ੍ਹਾ ਕਰਾਉਣ ਦੀ ਵੀ ਮਨਜ਼ੂਰੀ ਦਿੱਤੀ ਜਾਵੇਗੀ, ਤਾਂ ਜੋ ਗਰੀਬ ਤੋਂ ਗਰੀਬ ਵਿਅਕਤੀ ਵੀ ਇਸ ਯੋਜਨਾ ਦਾ ਫਾਇਦਾ ਲੈ ਸਕੇ। ਇੰਨਾ ਹੀ ਨਹੀਂ ਲਗਭਗ 100 ਗ੍ਰਾਮ ਤੱਕ ਸੋਨਾ ਜਮ੍ਹਾ ਕਰਾਉਣ ਵਾਲੇ ਲੋਕਾਂ ਕੋਲੋਂ ਟੈਕਸ ਅਧਿਕਾਰੀ ਕੋਈ ਸਵਾਲ ਨਹੀਂ ਪੁੱਛੇਗਾ।

ਪ੍ਰਸਤਾਵ 'ਚ ਕੀ ਹੈ ਸ਼ਾਮਲ-

  • ਘੱਟੋ-ਘੱਟ 500 ਰੁਪਏ ਮੁੱਲ ਦੇ ਬਰਾਬਰ ਦੇ ਸੋਨੇ ਨਾਲ ਗੋਲਡ ਬਚਤ ਖਾਤਾ ਖੋਲ੍ਹ ਸਕੋਗੇ।
  • ਇਸ ਤੋਂ ਬਾਅਦ ਸਿਰਫ 100 ਰੁਪਏ ਮੁੱਲ ਦੇ ਬਰਾਬਰ ਦਾ ਸੋਨਾ ਵੀ ਜਮ੍ਹਾ ਕਰਾ ਸਕੋਗੇ।
  • ਗੋਲਡ ਡਿਪਾਜ਼ਿਟ 'ਤੇ ਜੀ. ਐੱਸ. ਟੀ., ਕੈਪੀਟਲ ਗੇਨਸ ਤੇ ਵੈਲਥ ਟੈਕਸ ਨਹੀਂ ਲੱਗੇਗਾ।
  • ਇਸ ਤੋਂ ਵਿਆਜ ਦੇ ਰੂਪ 'ਚ ਹੋਣ ਵਾਲੀ ਕਮਾਈ ਨੂੰ ਇਨਕਮ ਟੈਕਸ ਤੋਂ ਵੀ ਛੋਟ ਹੋਵੇਗੀ।
  • ਸਾਰੇ ਸਰਕਾਰੀ ਬੈਂਕਾਂ ਨੂੰ 'ਗੋਲਡ ਮੋਨੇਟਾਈਜੇਸ਼ਨ ਸਕੀਮ' ਨੂੰ ਸ਼ੁਰੂ ਕਰਨਾ ਲਾਜ਼ਮੀ ਹੋਵੇਗਾ।

 

ਇਹ ਵੀ ਪੜ੍ਹੋ- ਇਲੈਕਟ੍ਰਿਕ ਗੱਡੀ ਤੇ ਬਾਈਕ ਖਰੀਦਣ 'ਤੇ ਬੈਂਕ ਖਾਤੇ 'ਚ ਮਿਲਣਗੇ 1.5 ਲੱਖ ਰੁ: 

ਮੌਜੂਦਾ ਸਮੇਂ ਜੀ. ਐੱਮ. ਐੱਸ. ਤਹਿਤ ਬੈਂਕ 'ਚ ਜਮ੍ਹਾ ਸੋਨੇ 'ਤੇ 2.50 ਫੀਸਦੀ ਤੱਕ ਸਾਲਾਨਾ ਵਿਆਜ ਦਰ ਹੈ, ਜੋ ਜਮ੍ਹਾ ਦੇ ਕਾਰਜਕਾਲ ਦੇ ਆਧਾਰ 'ਤੇ ਵੱਖਰੀ ਹੁੰਦੀ ਹੈ। ਇਸ ਸਮੇਂ ਇਹ ਸਕੀਮ ਸਿਰਫ 9 ਬੈਂਕ ਤੇ ਇਨ੍ਹਾਂ ਦੀਆਂ 240 ਸ਼ਾਖਾਵਾਂ ਵੱਲੋਂ ਉਪਲਬਧ ਕਰਾਈ ਜਾ ਰਹੀ ਹੈ ਪਰ ਜਲਦ ਹੀ ਸਰਕਾਰ ਇਸ ਨੂੰ ਸਾਰੇ ਸਰਕਾਰੀ ਬੈਂਕਾਂ ਲਈ ਸ਼ੁਰੂ ਕਰਨਾ ਲਾਜ਼ਮੀ ਕਰਨ ਜਾ ਰਹੀ ਹੈ। ਗੌਰਤਲਬ ਹੈ ਕਿ ਸਰਕਾਰ ਨੇ ਦੇਸ਼ ਦੇ ਚਾਲੂ ਖਾਤੇ ਦੇ ਘਾਟੇ ਅਤੇ ਵਿੱਤੀ ਘਾਟੇ ਨੂੰ ਕੁਝ ਹੱਦ ਤੱਕ ਘੱਟ ਕਰਨ 'ਚ ਸਹਾਇਤਾ ਕਰਨ ਦੇ ਮਕਸਦ ਨਾਲ ਨਵੰਬਰ 2015 'ਚ ਸੋਨੇ ਨਾਲ ਸਬੰਧਤ ਦੋ ਸਕੀਮਾਂ ਨੂੰ ਲਾਂਚ ਕੀਤਾ ਸੀ, ਤਾਂ ਜੋ ਫਿਜੀਕਲ ਸੋਨੇ ਦੀ ਮੰਗ 'ਚ ਕਮੀ ਹੋਵੇ ਅਤੇ ਲੋਕ ਵੱਧ ਤੋਂ ਵੱਧ ਪੈਸੇ ਦੇ ਰੂਪ 'ਚ ਬਚਤ ਵੱਲ ਜਾਣ। ਭਾਰਤ ਹਰ ਸਾਲ ਵੱਡੀ ਮਾਤਰਾ 'ਚ ਸੋਨਾ ਦਰਾਮਦ ਕਰਦਾ ਹੈ। ਵਰਲਡ ਗੋਲਡ ਕੌਂਸਲ ਮੁਤਾਬਕ, ਭਾਰਤ ਦੇ ਘਰਾਂ 'ਚ ਲਗਭਗ 1.3 ਲੱਖ ਕਰੋੜ ਡਾਲਰ ਦਾ 24,000-25,000 ਟਨ ਸੋਨਾ ਪਿਆ ਹੈ।

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ 'ਤੇ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ, ਇੰਨਾ ਹੋਵੇਗਾ ਸਸਤਾ


author

Sanjeev

Content Editor

Related News