ਸੋਨੇ ''ਚ ਹਫ਼ਤੇ ਦੌਰਾਨ ਵੱਡੀ ਗਿਰਾਵਟ, ਮਹਿੰਗਾ ਹੋਣ ਤੋਂ ਪਹਿਲਾਂ ਖ਼ਰੀਦ ਦਾ ਮੌਕਾ
Saturday, May 01, 2021 - 05:21 PM (IST)
ਨਵੀਂ ਦਿੱਲੀ- ਸੋਨੇ ਦੇ ਖ਼ਰੀਦਦਾਰਾਂ ਲਈ ਰਾਹਤ ਭਰੀ ਖ਼ਬਰ ਹੈ। ਬੀਤੇ ਹਫ਼ਤੇ ਸੋਨੇ ਵਿਚ 1,015 ਰੁਪਏ ਦੀ ਗਿਰਾਵਟ ਆਈ ਹੈ। ਭਾਰਤੀ ਸਰਾਫਾ ਤੇ ਗਹਿਣਾ ਸੰਗਠਨ ਦੀ ਵੈੱਬਸਾਈਟ ਅਨੁਸਾਰ, ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 46,791 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਹੈ, ਜੋ ਇਸ ਤੋਂ ਪਿਛਲੇ ਹਫ਼ਤੇ 47,806 ਰੁਪਏ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੀਮਤਾਂ ਵਧਣ ਵਾਲੀਆਂ ਹਨ। ਇਸ ਦੀ ਸਭ ਤੋਂ ਵੱਡੀ ਵਜ੍ਹਾ ਕੋਰੋਨਾ ਵਾਇਰਸ ਹੈ, ਜਿਸ ਦੇ ਮਾਮਲੇ ਹਰ ਰੋਜ਼ ਰਿਕਾਰਡ ਗਿਣਤੀ ਵਿਚ ਵੱਧ ਰਹੇ ਹਨ।
ਚਾਂਦੀ ਪਿਛਲੇ ਹਫ਼ਤੇ 1,352 ਰੁਪਏ ਸਸਤੀ ਹੋ ਕੇ 67,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਹਾਲਾਂਕਿ, ਪੂਰੇ ਮਹੀਨੇ ਦੀ ਗੱਲ ਕਰੀਏ ਤਾਂ ਸੋਨੇ ਤੇ ਚਾਂਦੀ ਦੋਹਾਂ ਵਿਚ ਵੱਡਾ ਉਛਾਲ ਹੈ।
ਇਹ ਵੀ ਪੜ੍ਹੋ- ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਝਟਕਾ, ਮਹਿੰਗੀ ਹੋ ਸਕਦੀ ਹੈ ਟਿਕਟ
ਬੀਤੇ ਮਹੀਨੇ ਯਾਨੀ ਅਪ੍ਰੈਲ ਵਿਚ ਸੋਨਾ 2,601 ਰੁਪਏ ਅਤੇ ਚਾਂਦੀ 4,968 ਰੁਪਏ ਮਹਿੰਗੇ ਹੋਏ ਹਨ। 31 ਮਾਰਚ ਨੂੰ ਸੋਨਾ 44,190 ਰੁਪਏ 'ਤੇ ਸੀ, ਜਦੋਂ ਕਿ ਚਾਂਦੀ 62,862 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਉਪ ਮੁਖੀ (ਕਮੋਡਿਟੀ ਤੇ ਕਰੰਸੀ) ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਵਿਸ਼ਵ ਭਰ ਵਿਚ ਅਨਿਸ਼ਚਿਤਤਾ ਦਾ ਮਾਹੌਲ ਹੈ, ਅਜਿਹੀ ਸਥਿਤੀ ਵਿਚ ਸੋਨੇ ਨੂੰ ਸੁਰੱਖਿਅਤ ਨਿਵੇਸ਼ ਤੌਰ 'ਤੇ ਫਾਇਦਾ ਮਿਲ ਸਕਦਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ 55 ਹਜ਼ਾਰ ਤੱਕ ਪਹੁੰਚ ਸਕਦਾ ਹੈ। ਉੱਥੇ ਹੀ, ਚੀਨ ਵਿਚ ਬੈਂਕਾਂ ਨੂੰ ਸੋਨਾ ਦਰਾਮਦ ਕਰਨ ਦੀ ਮਨਜ਼ੂਰੀ ਨਾਲ ਵੀ ਆਉਣ ਵਾਲੇ ਦਿਨਾਂ ਵਿਚ ਕੀਮਤਾਂ ਨੂੰ ਸਮਰਥਨ ਮਿਲ ਸਕਦਾ ਹੈ। ਪ੍ਰਚੂਨ ਤੇ ਥੋਕ ਮਹਿੰਗਾਈ ਦਰ ਦੇ ਅੰਕੜੇ ਵੀ 8 ਸਾਲ ਦੇ ਉੱਚੇ ਪੱਧਰ 'ਤੇ ਆ ਗਏ ਹਨ, ਜਿਸ ਨਾਲ ਸੋਨੇ ਅਤੇ ਚਾਂਦੀ ਨੂੰ ਸਪੋਰਟ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਹਸਪਤਾਲਾਂ 'ਚ ਦਾਖ਼ਲ ਕੋਵਿਡ-19 ਮਰੀਜ਼ਾਂ ਲਈ ਟੈਕਸ ਨਿਯਮ ਬਣੇ ਮੁਸੀਬਤ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ