ਇਸ ਸਰਕਾਰੀ ਯੋਜਨਾ ਦੇ ਤਹਿਤ ਖਰੀਦੋ ਸਸਤੇ 'ਚ ਸੋਨਾ , ਸਿਰਫ ਪੰਜ ਦਿਨਾਂ ਦਾ ਹੈ ਮੌਕਾ

04/20/2020 11:46:37 AM

ਨਵੀਂ ਦਿੱਲੀ - ਸਰਕਾਰ ਘੱਟ ਕੀਮਤ 'ਤੇ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਨਿਵੇਸ਼ਕ ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ ਬਾਜ਼ਾਰ ਕੀਮਤ ਨਾਲੋਂ ਸਸਤੇ ਵਿਚ ਸੋਨਾ ਖਰੀਦ ਸਕਦੇ ਹਨ ਅਤੇ ਅੱਜ ਇਸ ਦਾ ਪਹਿਲਾ ਦਿਨ ਹੈ। ਇਸ ਲਈ ਜੇਕਰ ਤੁਸੀਂ ਵੀ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ। ਇਸ ਦੀ ਵਿਕਰੀ 'ਤੇ ਹੋਣ ਵਾਲੇ ਲਾਭ ਤੇ ਇਨਕਮ ਟੈਕਸ ਨਿਯਮਾਂ ਦੇ ਤਹਿਤ ਛੋਟ ਮਿਲੇਗੀ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ।

ਸਸਤੇ ਵਿਚ ਸੋਨਾ ਖਰੀਦਣ ਦਾ ਅੱਜ ਪਹਿਲਾਂ ਦਿਨ

ਯੋਜਨਾ ਦੇ ਤਹਿਤ ਨਿਵੇਸ਼ ਦੀ ਮਿਆਦ 20 ਅਪ੍ਰੈਲ 2020 ਤੋਂ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ 24 ਅਪ੍ਰੈਲ 2020 ਤੱਕ ਖਰੀਦਿਆ ਜਾ ਸਕਦਾ ਹੈ। ਸਰਕਾਰ ਨੇ ਇਸ ਸਕੀਮ ਵਿਚ ਨਿਵੇਸ਼ ਕਰਨ ਲਈ ਪੰਜ ਦਿਨ ਤੱਕ ਦਾ ਸਮਾਂ ਦਿੱਤਾ ਹੈ। ਸਰਕਾਰ ਵਲੋਂ ਸੋਨੇ ਦੇ ਬਾਂਡਾਂ ਵਿਚ ਨਿਵੇਸ਼ ਕਰਨ ਲਈ ਵਿੱਤੀ ਸਾਲ 2020-21 ਦੀ ਇਹ ਪਹਿਲੀ ਸੀਰੀਜ਼ ਹੈ।

ਸੋਨੇ ਦੀ ਕੀਮਤ 

ਇਸ ਯੋਜਨਾ ਦੇ ਤਹਿਤ ਤੁਸੀਂ 4,639 ਰੁਪਏ ਪ੍ਰਤੀ ਗ੍ਰਾਮ 'ਤੇ ਸੋਨਾ ਖਰੀਦ ਸਕਦੇ ਹੋ। ਭਾਵ, ਜੇ ਤੁਸੀਂ 10 ਗ੍ਰਾਮ ਸੋਨਾ ਖਰੀਦਦੇ ਹੋ, ਤਾਂ ਇਸਦੀ ਕੀਮਤ 46,390 ਰੁਪਏ ਹੈ ਅਤੇ ਜੇਕਰ ਸੋਨੇ ਦੇ ਬਾਂਡ ਦੀ ਆਨਲਾਈਨ ਖਰੀਦ ਕਰਦੇ ਹੋ ਤਾਂ ਸਰਕਾਰ ਅਜਿਹੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਵਾਧੂ ਛੋਟ ਦਿੰਦੀ ਹੈ। ਯਾਨੀ ਕਿ ਸੋਨਾ ਪ੍ਰਤੀ ਗ੍ਰਾਮ 50 ਰੁਪਏ ਸਸਤਾ ਮਿਲੇਗਾ।

ਹੋਵੇਗਾ ਲਾਭ 

ਯਾਨੀ ਕਿ ਆਨਲਾਈਨ ਸੋਨਾ ਖਰੀਦਣ ਵਾਲੇ ਨਿਵੇਸ਼ਕਾਂ ਨੂੰ 4,589 ਰੁਪਏ ਪ੍ਰਤੀ ਗ੍ਰਾਮ ਦੇਣੇ ਪੈਣਗੇ। ਇਸ ਸਥਿਤੀ ਵਿਚ ਤੁਹਾਨੂੰ 10 ਗ੍ਰਾਮ ਸੋਨਾ 45,890 ਰੁਪਏ ਵਿਚ ਮਿਲੇਗਾ। 

ਨਿਵੇਸ਼ 

ਬੈਂਕਾਂ, ਡਾਕਘਰਾਂ, ਐਨ.ਐਸ.ਈ. ਅਤੇ ਬੀ.ਐਸ.ਸੀ. ਤੋਂ ਇਲਾਵਾ ਤੁਸੀਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਵੀ ਸੋਨੇ ਦੇ ਬਾਂਡ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਦੇ ਤਹਿਤ ਤੁਹਾਨੂੰ ਇਨਕਮ ਟੈਕਸ ਵਿੱਚ ਛੋਟ ਕਿਵੇਂ ਮਿਲੇਗੀ।

ਵਿਆਜ

ਸੋਨੇ ਦੇ ਬਾਂਡਾਂ ਦੀ ਮਿਆਦ ਪੂਰੀ ਹੋਣ ਦੀ ਮਿਆਦ ਅੱਠ ਸਾਲ ਹੁੰਦੀ ਹੈ ਅਤੇ ਇਸ 'ਤੇ ਸਾਲਾਨਾ 2.5% ਦਾ ਵਿਆਜ ਮਿਲਦਾ ਹੈ। ਬਾਂਡ 'ਤੇ ਪ੍ਰਾਪਤ ਕੀਤਾ ਵਿਆਜ ਨਿਵੇਸ਼ਕ ਦੇ ਟੈਕਸ ਸਲੈਬ ਦੇ ਅਨੁਸਾਰ ਟੈਕਸਯੋਗ ਹੁੰਦਾ ਹੈ, ਪਰ ਇਹ  ਸਰੋਤ 'ਤੇ ਟੈਕਸ ਕਟੌਤੀ ਨਹੀਂ ਹੁੰਦੀ ਹੈ।

ਘੱਟੋ-ਘੱਟ ਕਿੰਨਾ ਹੋ ਸਕਦਾ ਹੈ ਨਿਵੇਸ਼ 

ਸਾਵਰੇਨ ਗੋਲਡ ਬਾਂਡ ਸਕੀਮਾਂ ਦੇ ਤਹਿਤ ਇਕ ਨਿਵੇਸ਼ਕ ਇੱਕ ਵਿੱਤੀ ਸਾਲ ਵਿਚ ਘੱਟੋ ਘੱਟ ਇਕ ਗ੍ਰਾਮ ਦਾ ਨਿਵੇਸ਼ ਅਤੇ ਵਧ ਤੋਂ ਵਧ 500 ਗ੍ਰਾਮ ਤੱਕ ਦੇ ਸੋਨੇ ਦੇ ਬਾਂਡ ਖਰੀਦ ਸਕਦਾ ਹੈ।

ਸਰਕਾਰ ਨੇ ਬਜਟ ਵਿਚ ਸੋਨੇ 'ਤੇ ਦਰਾਮਦ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।


Harinder Kaur

Content Editor

Related News