GoAir ਦਾ ਘਰ ਬੈਠੇ ਅੱਕ ਚੁੱਕੇ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ, ਦਿੱਤੀ ਇਹ ਛੋਟ

Monday, Oct 19, 2020 - 02:11 PM (IST)

GoAir ਦਾ ਘਰ ਬੈਠੇ ਅੱਕ ਚੁੱਕੇ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ, ਦਿੱਤੀ ਇਹ ਛੋਟ

ਨਵੀਂ ਦਿੱਲੀ— ਤਿਉਹਾਰੀ ਮੌਸਮ 'ਚ ਗੋਏਅਰ ਨੇ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਤਹਿਤ ਉਡਾਣ ਦੀ ਟਿਕਟ ਦੇ ਬੇਸ ਕਿਰਾਏ 'ਤੇ ਵਿਦਿਆਰਥੀਆਂ ਨੂੰ 5 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ, ਨਾਲ ਹੀ ਉਹ ਬਿਨਾਂ ਕਿਸੇ ਚਾਰਜ ਦੇ 25 ਕਿਲੋਗ੍ਰਾਮ ਤੱਕ ਦਾ ਸਾਮਾਨ ਵੀ ਲਿਜਾ ਸਕਦੇ ਹਨ।

ਹੁਣ ਤੱਕ ਏਅਰਲਾਈਨ ਕੰਪਨੀਆਂ ਵੱਲੋਂ ਆਪਣੀ ਉਡਾਣ 'ਚ 15 ਕਿਲੋਗ੍ਰਾਮ ਤੱਕ ਦਾ ਸਾਮਾਨ ਹੀ ਬਿਨਾਂ ਚਾਰਜ ਦੇ ਲਿਜਾ ਸਕਣ ਦੀ ਇਜਾਜ਼ਤ ਹੈ ਪਰ ਗੋਏਅਰ ਦੀ ਇਸ ਪੇਸ਼ਕਸ਼ ਤਹਿਤ ਵਿਦਿਆਰਥੀ 10 ਕਿਲੋਗ੍ਰਾਮ ਵਾਧੂ ਸਾਮਾਨ ਲਿਜਾ ਸਕਣਗੇ। ਇਸ ਪੇਸ਼ਕਸ਼ ਦਾ ਫਾਇਦਾ ਲੈਣ ਲਈ ਵਿਦਿਆਰਥੀਆਂ ਨੂੰ ਆਪਣਾ ਸਟੂਡੈਂਟ ਆਈ. ਡੀ. ਕਾਰਡ ਅਤੇ ਸਰਕਾਰ ਵੱਲੋਂ ਜਾਰੀ ਫੋਟੋ ਪਛਾਣ ਪੱਤਰ ਯਾਤਰਾ ਦੌਰਾਨ ਚੈੱਕ-ਇਨ ਕਾਊਂਟਰ 'ਤੇ ਦਿਖਾਉਣਾ ਹੋਵੇਗਾ।

ਇਸ ਪੇਸ਼ਕਸ਼ ਬਾਰੇ ਗੋਏਅਰ ਨੇ ਟਵੀਟ 'ਚ ਲਿਖਿਆ, ''ਆਨਲਾਈਨ ਲੈਕਚਰ ਅਤੇ ਘਰ 'ਚ ਰਹਿਣ ਕਾਰਨ ਅੱਕ ਚੁੱਕੇ ਹੋ? ਤਾਂ ਗੋਏਅਰ ਨਾਲ ਆਪਣੀ ਸਟੂਡੈਂਟ ਆਈ. ਡੀ. ਨੂੰ ਡਿਸਕਾਊਂਟ ਵਾਊਚਰ 'ਚ ਬਦਲੋ ਅਤੇ ਆਪਣੀ ਪਸੰਦੀਦਾ ਮੰਜ਼ਲ ਲਈ ਉਡਾਣ ਭਰੋ।''

ਗੋਏਅਰ ਦੀ ਵੈੱਬਸਾਈਟ 'ਤੇ ਮਿਲੇਗੀ ਟਿਕਟ
ਵਿਦਿਆਰਥੀ ਇਸ ਲਈ ਟਿਕਟ ਗੋਏਅਰ ਦੀ ਵੈੱਬਸਾਈਟ 'ਤੇ ਸਟੂਡੈਂਟ ਬਦਲ ਦੀ ਚੋਣ ਕਰਕੇ ਬੁੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਸ਼ਰਤ ਇਹ ਹੈ ਕਿ ਵਿਦਿਆਰਥੀ ਦੀ ਉਮਰ 12 ਸਾਲ ਤੋਂ ਉਪਰ ਹੋਣੀ ਚਾਹੀਦੀ ਹੈ। ਇਸ ਸਕੀਮ ਤਹਿਤ ਇਕ ਤਰਫਾ ਅਤੇ ਆਉਣ-ਜਾਣ ਦੀ ਵੀ ਬੁਕਿੰਗ ਕੀਤੀ ਜਾ ਸਕਦੀ ਹੈ। ਬੁੱਕ ਕੀਤੀ ਗਈ ਟਿਕਟ ਰੱਦ ਜਾਂ ਯਾਤਰਾ ਦਾ ਸਮਾਂ ਵੀ ਬਦਲਾਇਆ ਜਾ ਸਕਦਾ ਹੈ। ਹਾਲਾਂਕਿ, ਯਾਤਰਾ ਰੀਸ਼ਡਿਊਲ ਕਰਨ ਜਾਂ ਟਿਕਟ ਰੱਦ ਕਰਨ ਦੇ ਚਾਰਜ ਲਾਗੂ ਹੋਣਗੇ। ਇਸ ਪੇਸ਼ਕਸ਼ ਤਹਿਤ ਸੀਮਤ ਸੀਟਾਂ ਦੀ ਬੁਕਿੰਗ ਹੋਵੇਗੀ।


author

Sanjeev

Content Editor

Related News